Wednesday, 22 October 2014

ਮੈਂ ਤੇ ਮੇਰਾ ਰੱਬ


ਮੈਂ ਵੱਖਰਾ ਤੇ ਮੇਰਾ ਰੱਬ ਵੀ ਵੱਖਰਾ
ਅਸੀਂ ਵੱਖਰੇ  ਜਹਾਂ ਦੇ ਵਾਸੀ
ਨਾਂ ਅਸੀਂ ਕਦੇ ਮਿਲੇ ਇਸ ਜੱਗ ਤੇ
ਫਿਰ ਵੀ ਸਾਂਝ ਹੈ ਸਾਡੀ ਖਾਸੀ

ਓਹ ਆਪਣੇ ਘਰ ਮਸਤ ਮਲੰਗ
ਤੇ ਮੈਂ ਆਪਣੇ ਚਾਂਗਾਂ ਮਾਰਾਂ
ਪਰ ਅਕਸਰ ਸਾਨੂੰ ਮਿਲਦੀਆਂ ਰਹਿੰਦੀਆਂ
ਇੱਕ ਦੂਜੇ ਦੀਆਂ ਸਾਰਾਂ

ਨਾਂ ਹੀ ਮੰਗਣ ਤੇ  ਕੁਝ  ਦੇਵੇ
ਤੇ ਨਾਂ ਮੈਂ ਓਹਤੋਂ  ਕੁਝ ਮੰਗਦਾ
ਜੋ ਉਸਨੂੰ ਕੁਝ ਚੰਗਾ ਲੱਗਦਾ
ਖੋਹਣ ਤੋ ਵੀ ਨਾਂ ਓਹ ਸੰਗਦਾ

ਜਦ ਉਸ ਮੈਨੂੰ ਕੁਝ ਦੇਣਾ ਹੁੰਦਾ
ਓਹ ਦੇ ਜਾਂਦਾ ਚੁੱਪ ਕਰਕੇ
ਮੈਂ  ਵੀ ਨਾਂਹ ਕਦੇ ਨੀਂ ਆਖੀ
ਨਾਂ ਰੋਕਿਆ ਹੱਥ ਓਹਦਾ ਫੜਕੇ

ਸਾਡਾ  ਰਿਸ਼ਤਾ ਬੜਾ ਅਨੋਖਾ
ਨਾਂ ਹੀ ਇਹ ਇੱਕ ਤਰਫ਼ਾ
ਇਹ ਤਾਂ ਬੱਸ ਮਹਿਸੂਸ ਹੀ ਹੁੰਦਾ
ਬਿਆਨ ਹੋ ਨੀ ਸਕਦਾ ਵਿਚ ਹਰਫਾਂ

ਆਪਣੀ ਰਜ਼ਾ ਵਿਚ ਓਹ  ਹੈ ਰਾਜੀ
ਤੇ ਮੈਂ ਰਾਜ਼ੀ ਵਿਚ ਓਹਦੀ
ਬਾਕੀ ਸਭ ਹੈ ਝੂਠ ਦਿਖਾਵਾ
ਗੱਲ ਸਾਰੀ ਹੈ ਮੋਹ ਦੀ
HSD 23/09/2014

No comments:

Post a Comment