ਨਾਂ ਮੈਂ ਸੋਹਣਾ ਤੇ ਨਾਂ ਹੀ ਸੁਨੱਖਾ
ਨਾਂ ਮੈਂ ਭੈਂਗਾ ਤੇ ਨਾਂ ਹੀ ਮੁਨੱਖਾ
ਅੱਖਾਂ ਉੱਤੇ ਲਾ ਕੇ ਐਨਕ
ਰਸਤੇ ਉੱਤੇ ਨਿਗਾਹ ਮੈਂ ਰੱਖਾਂ
ਨਾਂ ਮੁੱਛ ਖੜਦੀ ਨਾ ਦਾੜੀ ਚਮਕੇ
ਨਾਂ ਚਿਹਰੇ ਤੇ ਲਾਲੀ ਦਮਕੇ
ਕਰੜ ਬਰੜ ਜਿਹੀ ਚਿੱਟੀ ਦਾਹੜੀ
ਵਿਚ ਕਿਤੇ ਕਿਤੇ ਕਾਲਖ ਭਮਕੇ
ਨਾਂ ਰੰਗ ਗੋਰਾ ਤੇ ਨਾਂ ਹੀ ਕਾਲਾ
ਨਾਂ ਮੌਸਮ ਸੰਗ ਬਦਲਣ ਵਾਲਾ
ਘਸਮੈਲਾ ਜਿਹਾ ਸੰਦੀਵੀ ਪੱਕਾ
ਚਾਹੇ ਗਰਮੀ ਜਾਂ ਹੋਵੇ ਸਿਆਲਾ
ਨਾਂ ਲੰਮਢੀਂਘ ਨਾਂ ਕੱਦ ਦਾ ਛੋਟਾ
ਨਾਂ ਪਤਲਾ ਨਾਂ ਬਹੁਤਾ ਮੋਟਾ
ਆਮ ਜਿਹੀ ਹੈ ਬਣਤਰ ਮੇਰੀ
ਨਾਂ ਸੋਨਾ ਨਾਂ ਪੈਸਾ ਖੋਟਾ
ਨਾਂ ਦੋ ਪੁੜਾਂ ਵਿਚਾਲੇ ਪਿਸਦਾ
ਨਾਂ ਹੁਣ ਬੋਝ ਥੱਲੇ ਮੈਂ ਫਿਸਦਾ
ਜਿੰਦਗੀ ਨੂੰ ਹੁਣ ਜੀਣਾ ਸਿੱਖ ਲਿਆ
ਨਾਂ ਮੈਂ ਓਹ ਜੋ ਲੋਕਾਂ ਨੂੰ ਦਿਸਦਾ
ਮੈਂ ਨੂੰ ਮੈਂ ਵਿਚੋਂ ਲੱਭ ਲਿਆ ਮੈਂ
ਆਵਾਗਉਣ ਮੁਕਾ ਯੱਬ ਲਿਆ ਮੈਂ
ਜਿੰਦਗੀ ਜਿਓਣ ਲਈ ਜੋ ਚਾਹੀਦੀ
ਉਸ ਮਸਤੀ ਨੂੰ ਲੱਭ ਲਿਆ ਮੈਂ
HSD 28/08/2014
No comments:
Post a Comment