ਸਮਾ ਸੀ ਜਦ
ਦਿਵਾਲੀ ਦਾ ਆਗਾਜ਼ ਹੋ ਜਾਂਦਾ
ਦੁਸਿਹਿਰੇ ਤੋ ਦਸ ਦਿਨ ਪਹਿਲਾਂ
ਜੌਂ ਯਾ ਗੰਨਗੌਰਾਂ ਬੀਜਣ
ਤੇ ਕੰਧ ਤੇ ਸਾਂਝੀ ਲਾਉਣ ਨਾਲ
ਪਰ ਉਸ ਤੋ ਭੀ ਪਹਿਲਾ
ਪਹਾੜੀ ਅੱਕ ਦੇ ਬੂਟੇ ਤੇ
ਗਿੱਦੜਪੀੜੀ ਲੱਭਂਣ ਨਾਲ
ਫੇਰ ਦੁਸਿਹਿਰਾ, ਗੜਬੜੇ,
ਝੱਕਰੀਆਂ ਤੇ ਦੋਹ੍ਗੜਾਂ
ਕੰਧਾਂ ਕੋਠਿਆਂ ਨੂੰ ਲਿੱਪਿਆ ਜਾਂਦਾ
ਗਾਰੇ ਦਾ ਘਾਣ ਨਾਲ
ਘਰਾਂ ਦੀਆਂ ਕੰਧਾ ਨੂੰ
ਪੋਚਿਆ ਜਾਂਦਾ ਪਾਂਡੂ ਮਿੱਟੀ ਨਾਲ
ਘਰ ਦੀਆਂ ਸੁਆਣੀਆ
ਕੰਧਾਂ ਤੇ ਗੁੱਡੇ ਕੱਢਦੀਆਂ
ਵੇਲ ਬੂਟੇ ਪਾਉਂਦੀਆਂ
ਜਾਂ ਪੰਛੀਆਂ ਤੇ ਜਾਨਵਰਾਂ
ਦੇ ਚਿੱਤਰ ਉਲੀਕ੍ਦੀਆਂ
ਰੰਗ ਬਿਰੰਗੀ ਮਿੱਟੀ ਨਾਲ
ਸਾਰਾ ਪਿੰਡ ਸਜਦਾ
ਇੱਕ ਨਵੀਂ ਵਿਆਹੀ ਦੁਲਹਣ ਵਾਂਗ
ਤਰਾਂ ਤਰਾਂ ਦੇ ਪਕਵਾਨ ਪੱਕਦੇ
ਮਿਠਿਆਈਆਂ ਬਣਦੀਆਂ
ਖੰਡ ਦੇ ਖੇਲਣੇ,
ਚੌਲਾਂ ਦੀਆਂ ਫੁੱਲੀਆਂ
ਤੇ ਅਖਰੋਟ
ਮਿੱਟੀ ਦੀਆਂ ਕੁੱਜੀਆਂ
ਚ ਪਾਕੇ ਖਾਣਾ
ਖੀਰ ਕੜਾਹ ਤੇ
ਘਰ ਦੇ ਖੋਏ ਦੀ ਮਿਠਿਆਈ
ਕੇਲੇ ਸੇਬ ਆਦਿ
ਸ਼ਰੀਕੇ ਚ ਵੰਡਣੇ
ਸ਼ਾਮ ਹੁੰਦੇ ਦੀ ਪਾਉਣਾ
ਮਿੱਟੀ ਦੇ ਦੀਵਿਆਂ ਚ
ਸਰੋਂ ਦਾ ਤੇਲ ਤੇ
ਰੂੰਈਂ ਦੀਆਂ ਬੱਤੀਆਂ
ਤੇ ਬਾਲ ਕੇ ਰੱਖਣਾ
ਪਹਿਲਾਂ ਘਰੋਂ ਬਾਹਿਰ
ਪਿੰਡ ਦੀ ਜ੍ਹੂਹ ਤੇ
ਬਾਗ, ਮੜ੍ਹੀਆਂ, ਪਿੰਡ ਦਾ ਟੋਭਾ
ਥਾਨ, ਗੁਰੁਦ੍ਵਾਰੇ, ਸਕੂਲ
ਖੂਹ ਖੇੜਾ, ਦਰਵਾਜਾ
ਫੇਰ ਬਾੜੇ ਵਿਚ
ਰੂੜੀ ਤੇ, ਪੱਥਵਾੜੇ ਵਿਚ
ਡੰਗਰਾਂ ਵਾਲੇ ਘਰ
ਫੇਰ ਸਾਰੇ ਘਰ ਵਿਚ ਤੇ
ਗਲੀ ਵਿਚ
ਗਿੱਦੜਪੀੜੀ ਨੂੰ
ਮਿੱਟੀ ਦੇ ਤੇਲ ਨਾਲ
ਤਰ ਕਰਕੇ ਤੱਕਲੇ ਚ ਫਸਾ
ਕੋਠੇ ਤੇ ਗੱਡ ਕੇ
ਬਾਲ ਦੇਣਾ
ਰਾਤ ਨੂੰ ਪਟਾਖੇ ਚਲਾਉਣੇ
ਤੇ ਸਵੇਰੇ ਉਠਕੇ
ਅਣਚ੍ਲੇ ਪਟਾਖੇ ਲਭਣੇ
ਕਿੰਨਾ ਕੁਝ ਬਦਲ ਗਿਆ
ਅੱਜ ਦੀ ਤੇ ਪਿੰਡ ਵਾਲੀ
ਦਿਵਾਲੀ ਵਿਚ
ਆਪਸੀ ਪਿਆਰ ਇੱਕ ਦਿਖਾਵਾ
ਤੇ ਪੈਸਾ ਪਿਆਰਾ ਹੋ ਗਿਆ
ਸਮੇ ਤੇ ਲਾਲਚੀ ਲੋਕਾਂ ਨੇ
ਕਰ ਦਿੱਤਾ
ਦਿਵਾਲੀ ਨੂੰ ਵੀ ਫਿੱਕੀ
HSD 23/10/2014