Monday, 20 January 2014

ਮੇਰਾ ਭਵਿਖ

ਇਹ ਚੜਦੇ ਸੂਰਜ ਦੀ ਲਾਲੀ ਤਾਂ ਨੀਂ 
ਪਰ ਕੀ ਫਿਰ ਡੁਬਦੇ ਦੀ ਪਲੱਤਣ ਹੈ 
ਕੀ ਇਹ ਠਾਠਾਂ ਮਾਰਦੇ ਦਰਿਆ ਦਾ 
ਇਹ ਸ਼ਾਂਤ ਸੁਭਾ ਵਾਲਾ ਪੱਤਣ ਹੈ 

ਉਹਨੂੰ ਵੇਖ ਕੇ ਇੰਝ ਭੀ ਲੱਗਦਾ ਨੀਂ
ਕਦੇ ਖੁੱਲੇ ਹਾਸੇ ਹੱਸਦਾ ਹੋਊ
ਓਹਦੀਆਂ ਪਾਣੀ ਭਰੀਆਂ ਅੱਖੀਆਂ ਵਿਚ
ਕਦੇ ਰੱਤਾ ਖੂਨ ਵੀ ਰਸਦਾ ਹੋਊ

ਕਦੇ ਉਛਲ ਪੁਛਲ ਵੀ ਕੀਤੀ ਹੋਊ
ਉਹਨੇ ਸੁਕੜੀਆਂ ਜਿਹੀਆਂ ਟੰਗਾਂ ਤੇ
ਕਦੇ ਗਿੱਠ ਗਿੱਠ ਰੂਪ ਵੀ ਚੜਿਆ ਹੋਊ 
ਉਹਦੇ ਝੁਰੜ ਮੁਰੜ ਜਿਹੇ ਅੰਗਾਂ ਤੇ

ਪਰ ਪਤਾ ਨੀਂ ਕੀ  ਹੁਣ ਸੋਚਦਾ ਹੈ
ਇਕ ਪਾਸੇ ਹੀ ਤੱਕਦਾ ਰਹਿੰਦਾ ਓਹ
ਕਦੇ ਮਾਰ ਬੁੱਕਲ ਰਜਾਈ ਦੀ
ਮੰਜੇ ਤੇ ਉੱਠ ਬਹਿੰਦਾ ਓਹ

ਜਦ ਸੋਚਦਾ ਹਾਂ ਮੈਂ ਪਾ ਖੁਦ ਦੇ
ਓਹਦੀ ਜੁੱਤੀ ਦੇ ਵਿਚ ਪੈਰ ਆਪਣੇ
ਮੁੱਠੀਆਂ ਚੋਂ ਕਿਰਦੇ ਦਿਸਦੇ ਨੇ
ਮੈਨੂੰ ਮੇਰੇ ਸਜਾਏ ਸਭ ਸਪਨੇ

ਕੀ ਜਿੰਦਗੀ ਦਾ ਦਸ੍ਤੂਰ ਹੈ ਇਹ
ਜਾਂ ਫਲ ਹੈ ਇਹ ਕੋਈ ਕਰਮਾਂ ਦਾ
ਕੀ ਡਾਢੇ ਦੀ ਹੈ ਨਰਾਜਗੀ ਇਹ 
ਜਾਂ ਹੋ ਰਿਹਾ ਨਿਬੇੜਾ ਭਰਮਾ ਦਾ

ਇਹ ਚੜਦੇ ਸੂਰਜ ਦੀ ਲਾਲੀ ਤਾਂ ਨੀਂ 
ਪਰ ਕੀ ਫਿਰ ਡੁਬਦੇ ਦੀ ਪਲੱਤਣ ਹੈ 
ਕੀ ਇਹ ਠਾਠਾਂ ਮਾਰਦੇ ਦਰਿਆ ਦਾ 
ਇਹ ਸ਼ਾਂਤ ਸੁਭਾ ਵਾਲਾ ਪੱਤਣ ਹੈ

No comments:

Post a Comment