Monday, 20 January 2014

ਮਿੱਟੀ

ਪੈਰਾਂ ਹੇਠਲੀ ਮਿੱਟੀ
ਜਦ ਵੀ ਧੂਲ ਬਣ
ਮੇਰੇ ਮੂੰਹ ਤੇ ਜਮਦੀ
ਤਾਂ  ਇਹ ਮੈਨੂੰ ਮੇਰੀ
ਹੋਂਦ ਦਾ ਅਹਿਸਾਸ ਕਰਾਉਂਦੀ
ਜਿੰਨਾ ਚਿਰ ਮੈਂ
ਇਸ ਧੂਲ ਨੂੰ ਸਹਿਲਾਉਂਦਾ
ਮੈਨੂੰ ਮਾਂ ਦੀ ਬੁੱਕਲ ਚ
ਬੈਠਣ ਦਾ ਅਹਿਸਾਸ ਹੁੰਦਾ
ਤੇ ਅਕਸਰ ਗੁਆਚ ਜਾਂਦਾ
ਓਹਨਾ ਬਚਪਣ ਦੀਆਂ
ਯਾਦਾਂ ਵਿਚ
ਜਦੋਂ ਪਿੰਡ ਦੇ ਪਹੇ ਵਿਚ
ਗੱਡਿਆਂ ਦੀਆਂ ਲੀਹਾਂ ਚ
ਪਈ ਇਸ ਭੁੱਬਲ ਨੂੰ
ਨਿੱਕੇ ਨਿੱਕੇ ਪੈਰਾਂ ਨਾਲ ਉਡਾਉਂਦਾ
ਘੀਸੀ ਕਰਦਾ ਜਾਂ ਫਿਰ
ਹਾਥੀ ਪੈੜਾਂ ਬਣਾਉਂਦਾ 
ਹੌਲੀ ਹੌਲੀ
ਇਸ ਦੀਆਂ ਦਿੱਤੀਆਂ
ਜਿੰਦਗੀ ਦੀਆਂ ਨਿਆਂਮਤਾਂ
ਘਰ ਖੇਤ ਖਾਣਾ ਤੇ
ਕੁਦਰਤ ਦੇ ਨਜ਼ਾਰੇ
ਸਾਹਮਣੇ ਆਉਣ ਲਗਦੀਆਂ
ਫਿਰ ਪਹੁੰਚ ਜਾਂਦਾ ਮੈਂ
ਜਿੰਦਗੀ ਦੇ ਉਸ ਪੜਾਆ ਤੇ
ਜਦੋਂ ਹੋ ਜਾਵਾਂਗਾ ਇੱਕ ਮਿੱਕ
ਇਸ ਮਿੱਟੀ ਨਾਲ ਤੇ
ਧੂਲ ਬਣਕੇ ਮੈਂ ਵੀ ਜਮਾਂਗਾ
ਕਿਸੇ ਸੁੰਦਰ ਚੇਹਰੇ ਤੇ
ਜਾਂ  ਉੜਾਂਗਾ ਹਵਾ ਚ
ਕਿਸੇ ਨੰਨ੍ਹੇ ਦੇ ਪੈਰਾਂ ਦੀ
ਛੋਹ ਨਾਲ
21/1/2014

No comments:

Post a Comment