ਓਹ ਪਤਾ ਨਹੀਂ ਮੇਰੇ ਲਈ ਕੀ ਸੀ
ਘੱਟ ਹੀ ਜਾਣਦੇ ਸਨ ਅਸੀਂ ਇਕ ਦੂਜੇ ਨੂੰ
ਪਰ ਫੇਰ ਵੀ ਉਸਨੂੰ ਮੇਰੇ ਤੇ ਇਤਬਾਰ ਸੀ
ਚੁਪ ਚਾਪ ਆਕੇ ਮੇਰੀ ਅਲਮਾਰੀ ਖੋਲਦਾ
ਰੱਖ ਜਾਂਦਾ ਆਪਣੇ ਕਮਰੇ ਦੀ ਚਾਬੀ
ਯਾ ਫਿਰ ਆਪਣੀਆਂ ਕੀਮਤੀ ਚੀਜਾਂ
ਮੇਰੇ ਸਿਰਹਾਣੇ ਜਾਂ ਫਿਰ ਮੇਰੇ ਮੰਜੇ ਦੇ ਥੱਲੇ
ਕੁਝ ਦਿਨਾ ਬਾਅਦ ਆਕੇ
ਫਿਰ ਓਹ ਲੈ ਜਾਂਦਾ ਆਪਣੀ ਅਮਾਨਤ
ਨਾਂ ਕਦੇ ਮੈਂ ਪੁਛਿਆ
ਤੇ ਨਾਂ ਕਦੇ ਉਸ ਦੱਸਿਆ
ਕੀ ਇਹ ਸਭ ਕੀ ਹੈ
ਅਕਸਰ ਉਹ ਸੁਬਹ ਖੇਡਣ ਜਾਂਦਾ
ਮੈਨੂੰ ਪੜਨ ਲਈ ਉਠਾ ਜਾਂਦਾ
ਬਸ ਇੰਨਾ ਕੁ ਸੀ ਸਾਡਾ ਮਿਲਣਾ ਜੁਲਨਾ
ਜਦੋਂ ਓਹ ਹੋਸਟਲ ਹੁੰਦਾ
ਤਾਂ ਕਦੇ ਕੋਈ ਨਾਂ ਬੋਲਦਾ
ਜਦੋਂ ਓਹ ਨਹੀ ਹੁੰਦਾ
ਤਾਂ ਲੋਕ ਰਾਤ ਨੂੰ ਆਕੇ
ਓਹਦੇ ਦਰਵਾਜੇ ਤੇ ਲੱਤਾਂ ਮਾਰਦੇ
ਤੇ ਓਹਨੂੰ ਗਾਲਾਂ ਕਢਦੇ
ਪਰ ਓਹ ਕਦੇ ਪਰਿਵਾਹ ਨਾਂ ਕਰਦਾ
ਸਗੋਂ ਕਹਿੰਦਾ ਫਿਕਰ ਨਾਂ ਕਰ
ਰਾਹੀਆਂ ਨੂੰ ਸੈਕੜੇ ਕੁੱਤੇ ਭੌਂਕਦੇ ਨੇ
ਉਸ ਦਿਨ ਮੈਂ ਫਰੀਦਕੋਟ ਤੋਂ ਆਇਆ ਸੀ
ਦੋਸਤ ਦੀ ਭੈਣ ਦੇ ਵਿਆਹ ਤੋਂ
ਇਕ ਨੰਬਰ ਗੇਟ ਤੇ ਹੀ ਖਬਰ ਮਿਲ ਗਈ
ਕਿ ਉਸਦੇ ਗੋਲੀ ਲੱਗੀ ਹੈ
ਇੰਝ ਲੱਗਿਆ ਜਿਵੇ
ਕਿਸੇ ਨੇ ਮੇਰੇ ਗੋਲੀ ਮਾਰ ਦਿੱਤੀ ਹੋਵੇ
ਬੈਗ ਹੋਸਟਲ ਰੱਖ ਕੇ
ਸਿਧਾ ਸੀ ਐਮ ਸੀ ਪਹੁੰਚਿਆ
ਅੱਜ ਵੀ ਤਾਜ਼ਾ ਹਨ
ਆਈ ਸੀ ਯੂ ਦੇ ਬੈੱਡ ਤੇ
ਪਿਆ ਓਹ ਭਰਵਾਂ ਸ਼ਰੀਰ
ਇੰਝ ਪਿਆ ਸੀ ਜਿਵੇ
ਦੁਨੀਆਂ ਤੋਂ ਬੇਖਬਰ ਹੋਵੇ
ਅੱਜ ਵੀ ਤਾਜ਼ਾ ਹਨ
ਓਹਦੇ ਸ਼ਰੀਰ ਤੇ ਦੇਖੇ
ਸ਼ਰਿਆਂ ਨਾਲ ਜਲੇ ਹੋਏ ਨਿਸ਼ਾਨ
ਤੇ ਉਸ ਦਾ ਸ਼ਾਂਤ ਚਿੱਤ ਚਿਹਰਾ
ਅੱਜ ਵੀ ਤਾਜ਼ਾ ਹਨ
ਉਸ ਦੀ ਮੌਤ ਦੀ ਖਬਰ
ਉਸ ਦੀ ਦੇਹ ਨੂ ਗੱਡੀ ਚ ਰੱਖਨਾ
ਤੇ ਵੈਨ ਦੀ ਪਿਛਲੀਸੀਟ ਤੇ ਬੈਠ ਕੇ
ਬਾਪੁ ਦੀ ਮਾਰੀ ਓਹ ਧਾਹ
ਮੇਰਾ ਤਾਂ ਸਭ ਕੁਝ ਲੁਟ ਲਿਆ ਤੂੰ
ਓਹ ਰੱਬਾ
ਉਸ ਦੀ ਮੌਤ ਤੇ ਮੇਰੀਆਂ ਅੱਖਾਂ ਚੋ
ਇਕ ਵੀ ਹੰਝੂ ਨਹੀ ਕਿਰਿਆ
ਸਭ ਕੁਝ ਸੁੰਨ ਹੀ ਹੋ ਗਿਆ
ਮੈ ਉਸ ਦੀ ਅੰਤਿਮ ਯਾਤਰਾ ਤੇ ਵੀ ਨਹੀ ਗਿਆ
ਬਸ ਦਿਲ ਦੇ ਉਸ ਡੂੰਘੇ ਜ਼ਖਮ ਨੂੰ
ਬੁੱਕਲ ਚ ਲੈਕੇ ਘੁਮਦਾ ਰਿਹਾ
ਮੇਰੇ ਕਮਰੇ ਵਿਚ ਉਸਦੇ ਔਣ ਦੇ
ਅਕਸਰ ਭੁਲੇਖਿਆਂ ਨਾਲ ਗੱਲਾਂ ਕਰਦਾ ਰਿਹਾ
ਸਮੇ ਨੇ ਹੌਲੀ ਹੌਲੀ ਇਹ ਜਖ੍ਮ ਵੀ ਭਰ ਦਿੱਤਾ
ਤੇ ਅੱਜ ਉਸਦੀ ਯਾਦ ਨੇ
ਮੇਰੇ ਉਸ ਹੰਝੂਆਂ ਤੇ ਲੱਗੇ
ਬੰਨ ਨੂੰ ਵੀ ਤੋੜ ਦਿੱਤਾ
ਪਤਾ ਨਹੀ ਕੀ ਸੀ ਮੇਰਾ ਰਿਸ਼ਤਾ ਓਹਦੇ ਨਾਲ
ਤੇ ਕਿਓਂ ਕਰਦਾ ਸੀ ਓਹ ਮੇਰੇ ਤੇ ਇੰਨਾ ਯਕੀਨ
ਇਸ ਦਾ ਜਵਾਬ ਤਾਂ
ਓਹ ਆਪਣੇ ਨਾਲ ਹੀ ਲੈ ਗਿਆ
No comments:
Post a Comment