Saturday, 26 January 2013

ਰੱਬ ਦੇ ਸੰਗ


ਜੇ ਯਾਰ ਦੇ ਪਿਆਰ ਦਾ ਇਹਸਾਸ ਇੰਨਾ ਹੁੰਦਾ ਹੈ 
ਤਾਂ ਰੱਬ ਦੇ ਪਿਆਰ ਦਾ ਇਹਸਾਸ ਕਿੰਨਾ ਹੋਵੇਗਾ 

ਜੇ ਯਾਰ ਕੋਲ ਬਹਿਕੇ ਨਜ਼ਾਰਾ ਇੰਨਾ  ਆਉਂਦਾ ਹੈ 
ਤਾਂ ਰੱਬ ਕੋਲ ਬਹਿਣ ਦਾ ਨਜ਼ਾਰਾ ਕਿੰਨਾ ਹੋਵੇਗਾ 

ਜੇ ਯਾਰਾਂ ਵਾਲੀ ਮਹਿਫਲ ਦਾ ਨਜ਼ਾਰਾ ਹੀ ਹੈ ਵੱਖਰਾ 
ਤਾਂ ਰੱਬ ਵਾਲੀ ਮਹਿਫਲ ਦਾ ਨਜ਼ਾਰਾ ਕਿੰਨਾ ਹੋਵੇਗਾ 

ਜੇ ਯਾਰਾਂ ਸੰਗ ਪੀਣ ਦਾ ਸੁਆਦ ਇੰਨਾ ਸੋਹਣਾ ਹੈ 
ਤਾਂ ਰੱਬ ਨਾਲ ਪੀਣ ਦਾ ਸੁਆਦ ਕਿੰਨਾ  ਹੋਵੇਗਾ 

ਜੇ ਯਾਰ ਰੁਸ ਜਾਣ ਨਾਲ ਦਿਲ  ਹੈ ਉਦਾਸ ਹੁੰਦਾ  
ਤਾਂ ਰੱਬ ਰੁਸ ਜਾਣ ਨਾਲ ਦਿਲ  ਨੂੰ ਕੀ ਹੋਵੇਗਾ 

ਜੇ ਯਾਰ ਨੂੰ ਮਨਾਉਣ ਨਾਲ ਮਨ ਨੂੰ ਸਕੂਨ ਮਿਲੇ 
ਤਾਂ ਰੱਬ ਨੂੰ ਮਨਾਉਣ ਨਾਲ ਮਨ ਨੂੰ ਕੀ ਹੋਵੇਗਾ 

ਜੇ ਯਾਰ ਮੋਢੇ ਸਿਰ ਰੱਖ ਮਨ ਹੌਲਾ ਹੁੰਦਾ ਹੋਵੇ 
ਤਾਂ ਰੱਬ ਦੇ ਮੋਢੇ ਤੇ ਸਿਰ ਰੱਖਕੇ ਕੀ ਹੋਵੇਗਾ 

ਮੈਖਾਨਾ



ਕੌਣ ਕਹਿੰਦਾ ਹੈ ਸ਼ਰਾਬ ਪੀਕੇ ਮੈਂ ਕਾਫ਼ਿਰ ਹੋ ਗਿਆ 
ਏਹਦੇ ਕਰਕੇ ਤਾਂ ਮੈਂ, ਓਹਦਾ ਮੈ ਵਾਕ਼ਿਫ਼  ਹੋ ਗਿਆ 

ਢੂੰਡਦਾ ਰਿਹਾ ਮੈਂ ਸਦਾ ਜਿਹਨੂੰ ਉਸਦੇ ਘਰਾਂ ਵਿਚ 
ਮਿਲ ਗਿਆ ਇੱਕ ਦਿਨ ਮੈਨੂੰ ਮੈਖਾਨੇ ਦੇ ਦਰਾਂ ਵਿਚ  

ਬੈਠ ਗਏ ਉਸ ਦਿਨ ਪੈੱਗ ਹਥਾਂ ਵਿਚ ਲੈਕੇ 
ਕਰਦੇ ਰਹੇ ਗਲਾਂ ਅਸੀਂ ਇਕ ਪਾਸੇ ਬਹਿਕੇ 

ਪੁਛਿਆ ਮੈਂ ਫਿਰ ਓਹਨੂੰ ਦੋ ਕੁ ਘੁੱਟਾਂ ਲਾਕੇ 
ਸਾਹਮਣੇ ਬਿਠਾਕੇ, ਅੱਖਾਂ ਵਿਚ ਅੱਖਾਂ  ਪਾਕੇ 

ਪੂਜਦੇ ਨੇ ਲੋਕੀ ਤੈਨੂੰ ਘਰ ਤੇਰੇ ਜਾਕੇ 
ਤੂੰ ਕਿਓਂ ਬੈਠ ਜਾਨਾ ਰੋਜ ਠੇਕੇ ਮੂਹਰੇ ਆਕੇ 

ਕਹਿੰਦਾ ਸੁਣ ਜਿੱਥੇ ਨਿੱਤ ਹੁੰਦਾ ਹੈ ਵਪਾਰ ਮੇਰਾ
ਕਿੰਝ ਓਹਨੂੰ ਘਰ ਕਹਾਂ ਹੈ ਠੱਗਾਂ ਦਾ ਜੋ ਡੇਰਾ 

ਹੁੰਦੀ ਮੇਰੇ ਨਾਂ ਉੱਤੇ ਲੁੱਟ ਤੇ ਕ੍ਸੁੱਟ ਜਿੱਥੇ 
ਕਿੰਝ ਮੈਂ ਹਾਂ ਰਹਿ ਸਕਦਾ ਤੂੰ ਦੱਸ ਮੈਨੂੰ ਉੱਥੇ 

ਜਿਹੜਾ ਇਥੇ ਆਕੇ ਦੋ ਚਾਰ ਪੈਗ ਪੀਂਦਾ 
ਸਚ ਕਹਿਣ ਤੋਂ ਨਾਂ ਕਦੇ ਦੇਖਿਆ ਮੈਂ ਰੀਂਦ੍ਹਾ 

ਮੇਰਾ ਵਾਸਾ ਉੱਥੇ ਜਿੱਥੇ ਸਚ ਹੈ ਵਸੀਂਦਾ 
ਇਸੇ ਕਰਕੇ ਮੈਂ ਤੈਨੂੰ ਨਿੱਤ ਇੱਥੇ ਦੀਂਦ੍ਹਾ

ਇੰਨ੍ਹਾ ਕਹਿਕੇ ਅਸੀਂ ਦੋਵਾਂ ਪੈੱਗ ਖੜਕਾਏ 
ਗਟਾ ਗੱਟ ਪੀਕੇ ਹਥ ਦੂਜੇ ਲਈ ਵਧਾਏ 

ਮਿਲ ਗਿਆ  ਮੈਨੂੰ  ਉਥੇ  ਜਾਣ ਦਾ ਬਹਾਨਾ  
ਜਿਥੇ ਬਹਿ ਕੇ ਯਾਰ ਮੇਰਾ ਪੀਣ ਦਾ ਦੀਵਾਨਾ 

ਮਿਲਦਾ ਮੈਂ ਓਹਨੂੰ ਹੁਣ ਨਿੱਤ ਉਥੇ ਜਾਕੇ
ਖੁਸ਼ੀ ਦੇ ਮੈਂ ਪਲ਼ ਮਾਣਾ ਗਮਾਂ ਨੂ ਭੁਲਾਕੇ 

ਪਿਆਰਾ


ਓਹ  ਪਤਾ ਨਹੀਂ ਮੇਰੇ ਲਈ ਕੀ ਸੀ
ਘੱਟ ਹੀ ਜਾਣਦੇ ਸਨ ਅਸੀਂ ਇਕ ਦੂਜੇ ਨੂੰ 
ਪਰ ਫੇਰ ਵੀ ਉਸਨੂੰ ਮੇਰੇ ਤੇ ਇਤਬਾਰ ਸੀ 
ਚੁਪ ਚਾਪ ਆਕੇ ਮੇਰੀ ਅਲਮਾਰੀ ਖੋਲਦਾ 
ਰੱਖ ਜਾਂਦਾ ਆਪਣੇ ਕਮਰੇ ਦੀ  ਚਾਬੀ 
ਯਾ ਫਿਰ ਆਪਣੀਆਂ ਕੀਮਤੀ  ਚੀਜਾਂ  
ਮੇਰੇ ਸਿਰਹਾਣੇ ਜਾਂ ਫਿਰ ਮੇਰੇ ਮੰਜੇ ਦੇ ਥੱਲੇ 
ਕੁਝ ਦਿਨਾ ਬਾਅਦ ਆਕੇ 
ਫਿਰ ਓਹ ਲੈ ਜਾਂਦਾ ਆਪਣੀ ਅਮਾਨਤ
ਨਾਂ ਕਦੇ ਮੈਂ ਪੁਛਿਆ  
ਤੇ ਨਾਂ ਕਦੇ ਉਸ ਦੱਸਿਆ
ਕੀ ਇਹ ਸਭ ਕੀ ਹੈ 
ਅਕਸਰ ਉਹ ਸੁਬਹ ਖੇਡਣ ਜਾਂਦਾ 
ਮੈਨੂੰ ਪੜਨ ਲਈ ਉਠਾ ਜਾਂਦਾ 
ਬਸ ਇੰਨਾ ਕੁ ਸੀ ਸਾਡਾ ਮਿਲਣਾ ਜੁਲਨਾ 

ਜਦੋਂ ਓਹ ਹੋਸਟਲ ਹੁੰਦਾ 
ਤਾਂ ਕਦੇ ਕੋਈ ਨਾਂ ਬੋਲਦਾ 
ਜਦੋਂ ਓਹ ਨਹੀ ਹੁੰਦਾ 
ਤਾਂ ਲੋਕ ਰਾਤ ਨੂੰ ਆਕੇ 
ਓਹਦੇ ਦਰਵਾਜੇ ਤੇ ਲੱਤਾਂ ਮਾਰਦੇ 
ਤੇ ਓਹਨੂੰ ਗਾਲਾਂ ਕਢਦੇ 
ਪਰ ਓਹ ਕਦੇ ਪਰਿਵਾਹ ਨਾਂ ਕਰਦਾ 
ਸਗੋਂ ਕਹਿੰਦਾ ਫਿਕਰ ਨਾਂ ਕਰ 
ਰਾਹੀਆਂ ਨੂੰ ਸੈਕੜੇ ਕੁੱਤੇ ਭੌਂਕਦੇ ਨੇ 

ਉਸ ਦਿਨ ਮੈਂ ਫਰੀਦਕੋਟ ਤੋਂ ਆਇਆ ਸੀ 
ਦੋਸਤ ਦੀ ਭੈਣ ਦੇ ਵਿਆਹ ਤੋਂ 
ਇਕ ਨੰਬਰ ਗੇਟ ਤੇ ਹੀ ਖਬਰ ਮਿਲ ਗਈ 
ਕਿ ਉਸਦੇ ਗੋਲੀ ਲੱਗੀ ਹੈ  
ਇੰਝ ਲੱਗਿਆ ਜਿਵੇ 
ਕਿਸੇ ਨੇ ਮੇਰੇ ਗੋਲੀ ਮਾਰ ਦਿੱਤੀ ਹੋਵੇ 
ਬੈਗ ਹੋਸਟਲ ਰੱਖ ਕੇ 
ਸਿਧਾ ਸੀ ਐਮ ਸੀ ਪਹੁੰਚਿਆ 

ਅੱਜ ਵੀ ਤਾਜ਼ਾ ਹਨ 
ਆਈ ਸੀ ਯੂ ਦੇ ਬੈੱਡ ਤੇ 
ਪਿਆ ਓਹ ਭਰਵਾਂ ਸ਼ਰੀਰ
ਇੰਝ ਪਿਆ ਸੀ ਜਿਵੇ  
ਦੁਨੀਆਂ ਤੋਂ ਬੇਖਬਰ ਹੋਵੇ 
ਅੱਜ ਵੀ ਤਾਜ਼ਾ ਹਨ 
ਓਹਦੇ ਸ਼ਰੀਰ ਤੇ ਦੇਖੇ 
ਸ਼ਰਿਆਂ ਨਾਲ ਜਲੇ  ਹੋਏ ਨਿਸ਼ਾਨ 
ਤੇ ਉਸ ਦਾ ਸ਼ਾਂਤ ਚਿੱਤ  ਚਿਹਰਾ 
ਅੱਜ ਵੀ ਤਾਜ਼ਾ ਹਨ 
ਉਸ ਦੀ ਮੌਤ ਦੀ ਖਬਰ 
ਉਸ ਦੀ ਦੇਹ ਨੂ ਗੱਡੀ ਚ ਰੱਖਨਾ
ਤੇ ਵੈਨ ਦੀ ਪਿਛਲੀਸੀਟ ਤੇ  ਬੈਠ ਕੇ
ਬਾਪੁ ਦੀ ਮਾਰੀ ਓਹ ਧਾਹ 
ਮੇਰਾ ਤਾਂ ਸਭ ਕੁਝ ਲੁਟ ਲਿਆ ਤੂੰ
ਓਹ ਰੱਬਾ 

ਉਸ ਦੀ ਮੌਤ ਤੇ ਮੇਰੀਆਂ ਅੱਖਾਂ ਚੋ 
ਇਕ ਵੀ ਹੰਝੂ ਨਹੀ ਕਿਰਿਆ 
ਸਭ ਕੁਝ ਸੁੰਨ ਹੀ ਹੋ ਗਿਆ 
ਮੈ ਉਸ ਦੀ ਅੰਤਿਮ ਯਾਤਰਾ ਤੇ ਵੀ ਨਹੀ ਗਿਆ 
ਬਸ ਦਿਲ ਦੇ ਉਸ ਡੂੰਘੇ ਜ਼ਖਮ ਨੂੰ 
ਬੁੱਕਲ ਚ ਲੈਕੇ ਘੁਮਦਾ ਰਿਹਾ 
ਮੇਰੇ ਕਮਰੇ ਵਿਚ ਉਸਦੇ ਔਣ ਦੇ 
ਅਕਸਰ ਭੁਲੇਖਿਆਂ ਨਾਲ ਗੱਲਾਂ ਕਰਦਾ ਰਿਹਾ 
ਸਮੇ ਨੇ ਹੌਲੀ ਹੌਲੀ ਇਹ ਜਖ੍ਮ ਵੀ ਭਰ ਦਿੱਤਾ 
ਤੇ ਅੱਜ ਉਸਦੀ ਯਾਦ ਨੇ 
ਮੇਰੇ ਉਸ ਹੰਝੂਆਂ ਤੇ ਲੱਗੇ 
ਬੰਨ ਨੂੰ ਵੀ ਤੋੜ ਦਿੱਤਾ
ਪਤਾ ਨਹੀ ਕੀ ਸੀ ਮੇਰਾ  ਰਿਸ਼ਤਾ ਓਹਦੇ ਨਾਲ 
ਤੇ ਕਿਓਂ ਕਰਦਾ ਸੀ ਓਹ ਮੇਰੇ ਤੇ ਇੰਨਾ ਯਕੀਨ 
ਇਸ ਦਾ ਜਵਾਬ ਤਾਂ 
ਓਹ ਆਪਣੇ ਨਾਲ  ਹੀ ਲੈ ਗਿਆ 

ਜਖਮਾ ਨੂੰ ਜੁਬਾਨ


ਜਖਮ ਜੋ ਸਾਨੂੰ ਦਿੱਤੇ ਤੂੰ, ਉਹਨਾ ਜਖਮਾ ਨੂੰ ਜੁਬਾਨ ਤਾਂ ਦੇ 
ਤਾਂ ਕੇ ਬੋਲ ਕੇ ਤੈਨੂੰ ਦੱਸ ਸਕਣ, ਇਸ ਦੁਖ ਤੋਂ ਕਿੰਨੇ ਪਰੇਸ਼ਾਨ ਨੇ ਇਹ 
ਜੇ ਇਸ ਦੁਖ ਨੂੰ ਤੂੰ ਸਮਝੇਂ , ਫਿਰ ਆਕੇ ਇਹਨਾਂ ਨੂੰ ਤੂੰ ਆਰਾਮ ਤਾਂ ਦੇ 

ਆਕੇ ਸੁਣ ਸਾਡੀ ਤੂੰ ਹੱਡ  ਬੀਤੀ, ਕਿਓਂ ਜੱਗ ਬੀਤੀ ਵਿਚ ਰੁਝਿਆ ਏਂ
ਜਦ ਤੇਰੇ ਘਰ ਵਿਚ ਚਾਨਣ ਹੈ, ਫਿਰ ਸਾਡਾ ਦੀਵਾ ਕਿਓਂ ਬੁਝਿਆ ਏ
ਇਸ ਬੁਝੇ ਦੀਵੇ ਨੂੰ ਬਾਲਣ ਲਈ, ਉਹ ਲੋੜੀਂਦਾ ਤੂੰ ਸਮਾਨ  ਤਾਂ ਦੇ 

ਇਹ ਦੁਨੀਆ ਜੋ ਤੂੰ ਬਣਾਈ ਏ, ਇਥੇ ਕੋਏ ਕਿਸੇ  ਦਾ ਬੇਲੀ ਨੀਂ 
ਪੈਸੇ ਦੇ ਯਾਰ ਇਥੇ ਸਾਰੇ ਨੇ, ਪਰ ਮਦਦ ਲਈ  ਕਿਸੇ ਕੋਲ ਧੇਲੀ ਨੀਂ 
ਬੰਦੇ ਤੇ ਬੰਦਾ ਚਾਹੜ ਦਿੱਤਾ, ਪਰ ਕੁਝ ਅਸਲੀ ਤੂੰ ਇਨਸਾਨ ਤਾਂ ਦੇ 

ਗਿਆ ਸੀ ਇਕ ਦਿਨ  ਘਰ ਤੇਰੇ ਉਥੇ ਗੀਤ ਸੰਗੀਤ ਪਿਆ ਚਲਦਾ ਸੀ
ਤੇਰੇ ਬੰਦੇ ਭੂਖੇ ਮਰਦੇ ਨੇ, ਪਰ ਉਥੇ ਘਿਓ ਦਾ ਦੀਵਾ  ਬਲਦਾ ਸੀ 
ਇਹਨਾ ਤੈਨੂੰ ਪੂਜਣ  ਵਾਲਿਆਂ  ਨੂੰ, ਆਪਣੀ ਹੋਂਦ ਦਾ ਤੂੰ ਪ੍ਰਮਾਣ ਤਾਂ ਦੇ 

ਜੋ ਠੇਕੇਦਾਰ ਤੇਰੇ ਨਾਂ ਦੇ ਨੇ, ਉਤੋਂ ਮਿੱਠੇ ਤੇ ਅੰਦਰੋਂ ਛੁਰੀਆਂ ਨੇ 
ਲੋਕਾ ਦੀਆਂ ਨਜ਼ਰਾਂ ਚ ਬਾਬੇ ਨੇ, ਪਰ ਆਦਤਾਂ ਬਹੁਤ ਹੀ ਬੁਰੀਆਂ ਨੇ 
ਇਹਨਾ ਨਾਂ ਦੇ ਠੇਕੇਦਾਰਾਂ ਨੂੰ, ਕੋਈ ਇਨਸਾਨੀਅਤ ਦਾ ਤੂੰ ਪੈਗਾਮ ਤਾਂ ਦੇ 

ਓ ਦਰਦ ਮੰਦਾਂ ਦਿਆ ਦਰਦੀਆ ਵੇ, ਦੱਸ ਕੀ ਤੈਨੂੰ ਮੈਂ ਫਰਿਆਦ ਕਰਾਂ 
ਇਹਨਾ ਜਖ੍ਮਾ ਦੇ ਦਰਦਾਂ ਨੂੰ ਭੁੱਲਕੇ, ਦੱਸ ਕਿੰਝ ਤੈਨੂੰ ਮੈਂ ਯਾਦ ਕਰਾਂ 
ਇਹ ਦਰਦ ਜੋ ਪਾਏ ਝੋਲੀ ਸਾਡੀ, ਇਹਨਾ ਦਰਦਾਂ ਨੂੰ ਕੋਈ ਨਾਂਮ ਤਾਂ ਦੇ 

ਮੇਰਾ ਪਲੇਠੀ ਦਾ ਪਿਆਰ


ਇਕ ਕੁੜੀ ਬਹਾਰੇ ਵਾਲੀ 
ਬ੍ਸ ਗਈ ਸੀ ਮੇਰੇ ਵਿਚ ਖਿਆਲੀਂ
ਕਲਾਕੰਦ ਦੇ ਵਾਂਗੂੰ ਚਿੱਟੀ
ਬੋਲੀ ਓਹਦੀ ਸ਼ਹਿਦ ਤੋਂ ਮਿੱਠੀ
ਭਰਵੇਂ ਕੱਦ ਦੀ ਬੜੀ ਸੁਨੱਖੀ
ਮਨ ਮੇਰੇ ਨੂੰ ਬਹੁਤ ਸੀ ਜੱਚੀ
ਪਤਲੇ ਬੁਲ੍ਹ ਪ੍ਪੀਸੀਆਂ ਵਰਗੇ
ਅਕਸਰ ਯਾਰ ਓਹਦੀਆਂ ਗੱਲਾਂ ਕਰਦੇ
ਮਨ ਮੇਰੇ ਨੂੰ ਕੁਛ ਕੁਛ ਹੁੰਦਾ
ਜੱਦ ਮੈਂ ਓਹਦੀਆਂ ਸਿਫਤਾਂ ਸੁਣਦਾ
ਇਕ ਦਿਨ ਕੱਠੀ ਹਿਮਤ ਕਰਕੇ
ਦਿਲ ਆਪਣਾ ਮੈਂ ਤਲੀ ਤੇ ਧਰਕੇ
ਰੋਕ ਲਿਆ ਓਹਨੂੰ ਸੜਕ ਵਿਚਾਲੇ
ਕਰਤੇ ਬਿਆਨ ਆਪਣੇ ਦਿਲ ਦੇ ਹਾਲੇ
ਓਹ ਵੀ ਸੁਣ ਕੇ ਸੁੰਨ ਹੋ ਗਈ
ਥੋੜੀ ਦੇਰ ਲਈ ਗੁੰਮ ਸੁੰਮ ਹੋ ਗਈ
ਓਹਨੂੰ ਆਪਣੀ ਕਥਾ ਸੁਣਾਕੇ
ਤੁਰ ਗਿਆ ਉਥੋਂ ਮੈਂ ਨੀਵੀਂ ਪਾਕੇ
ਦੂਜੇ ਦਿਨ ਓਹਨੂੰ ਮਿਲਿਆ ਆਕੇ
ਨਿਘੀ ਪਿਆਰ ਦੀ ਜੱਫੀ ਪਾਕੇ
ਏਦਾਂ ਸ਼ੁਰੂ ਹੋਈ ਮੇਰੀ ਪ੍ਰੇਮ ਕਹਾਣੀ
ਮਿਲਗਿਆ ਮੈਨੂੰ ਦਿਲ ਦਾ ਹਾਣੀ
ਥੋੜੇ ਦਿਨ ਜੰਨਤ ਚ  ਗੁਜਾਰੇ
ਉੜਿਆ ਅਸਮਾਨੀ ਮੈਂ ਸੰਗ ਤਾਰੇ
ਫੇਰ ਕਿਸੇ ਦੀ ਨਜ਼ਰ ਲੱਗ ਗਈ
ਦਿਲ ਮੇਰੇ ਗੁਝੀ ਸੱਟ ਵੱਜ ਗਈ
ਇਕ ਦਿਨ ਮੈਨੂੰ ਓਹਨੇ ਬੁਲਾਇਆ
ਬੁੱਕਲ ਚ ਲੈ ਮੇਰਾ ਸਿਰ ਸਹਿਲਾਇਆ
ਕਹਿੰਦੀ ਅੱਗੇ ਮੁਸ਼ਕਲ ਜਾਣਾ
ਆਪਾਂ ਓਹਦਾ ਮੰਨੀਏ ਭਾਣਾ
ਵਾਦਾ ਕਰ ਮੈਨੂੰ ਭੁੱਲ ਜਾਵੇਂਗਾ
ਗਲੀਆਂ ਵਿਚ ਨਾਂ ਰੁਲ ਜਾਵੇਂਗਾ
ਉਸ ਤੋਂ ਬਾਅਦ ਛਾ ਗਈ  ਇਕ ਚੁੱਪੀ
ਪਤਾ ਨਹੀਂ ਬਾਕੀ ਗੱਲ ਕਿੰਝ ਮੁੱਕੀ
ਫਿਰ ਓਹ ਉਥੋਂ ਵਾਪਿਸ ਮੁੜ ਗਈ
ਮੇਰੀ ਦੁਨੀਆ ਦਰਿਆ ਵਿਚ ਰੁੜ ਗਈ
ਪਲੇਠੀ ਦਾ ਸੀ ਜੋ ਮੇਰਾ ਪਿਆਰ  
ਮੁੱਕ ਗਿਆ ਓਹ ਅਧ ਵਿਚਕਾਰ
ਛੱਡ ਮੈਨੂੰ ਜਹਾਜ਼ ਓਹ ਚੜਗੀ
ਦਿਲ ਮੇਰੇ ਦੇ ਟੁਕੜੇ ਕਰਗੀ
ਏਅਰਪੋਰਟ ਤੋ ਚਿੱਠੀ ਪਾ ਗਈ
ਦਿਲ ਮੇਰੇ ਤੇ ਮਲ੍ਹਮ ਲਾ ਗਈ
ਤੁਰ ਗਈ ਲਾਕੇ ਝੂਠੇ ਲਾਰੇ
ਖਤਮ ਕਰਗੀ ਚਾ ਮ੍ਲਾਹਰੇ
ਫਿਰਿਆ ਸੀ ਮੈਂ ਮਾਰਾ ਮਾਰਾ
ਝਟਕਾ ਇਕ ਮੈਨੂੰ  ਲੱਗਾ ਕਰਾਰਾ
ਹਾੜ ਮਹੀਨਾ ਜਦ ਸੀ ਆਉਂਦਾ
ਮਨ ਮੇਰੇ ਚ ਤਰਥੱਲੀ ਮਚਾਉਂਦਾ
ਭੁੱਬਾਂ ਮਾਰ ਮੈਂ ਅਕਸਰ ਸੀ ਰੋਇਆ
ਜਿੱਦਾਂ ਆਪਣਾ ਸਭ ਕੁਝ ਖੋਇਆ
ਹੁਣ ਜਦ ਪਿਛੇ ਮੁੜ ਕੇ ਤ੍ਕ਼ਦਾਂ
ਆਪਣੀ ਕੀਤੀ ਤੇ ਅਕਸਰ ਹਸਦਾਂ
ਕੀ ਨਹੀਂ ਸੀ ਇਹ ਪਾਗਲਪਣ ਮੇਰਾ
ਕਿਓਂ ਫੜ ਬੈਠੀਂ ਰਿਹਾ ਹਨੇਰਾ
ਆ ਜਾਂਦੀ ਵਿਚ ਹੁਣ ਵੀ ਖਿਆਲੀਂ 
ਓਹ ਸੀ ਜੋ ਬਹਾਰੇ ਵਾਲੀ 
ਹਸਦਾਂ ਹਾਂ ਓਹਨੂੰ ਯਾਦ ਮੈਂ ਕਰਕੇ
ਰੋੰਦਾਂ ਸਾਂ ਜੀਹਦੀ ਫੋਟੋ ਫੜਕੇ  
ਕਿਓਂ ਬੈਠਾ ਸਾਂ ਓਹਦੀ ਯਾਦ ਸੰਭਾਲੀ
ਨਾਂ ਕਦੇ ਸੀ ਮੇਰੀ ਬਹਾਰੇ ਵਾਲੀ    
ਮੇਰਾ ਸੀ ਜੋ ਮੈਨੂੰ  ਮਿਲ ਗਿਆ 
ਓਹਦਾ ਵਖਰਾ ਗੁਲ੍ਸ੍ਤਾਂ ਖਿਲ ਗਿਆ 
ਮੈਨੂੰ ਅਸਲੀ ਪਿਆਰ ਮਿਲ ਗਿਆ
ਚੰਗਾ ਇਕ ਦਿਲਦਾਰ ਮਿਲ ਗਿਆ
ਵਧਿਆ ਇਕ  ਪਰਿਵਾਰ  ਮਿਲ ਗਿਆ
ਸੋਹਣਾ ਇਕ  ਗੁਲ੍ਸ੍ਤਾਂ ਖਿਲ ਗਿਆ
ਖੁਸੀਆਂ ਨਾਲ ਜੋ ਮੇਰਾ ਭਰਿਆ ਵਿਹੜਾ
ਜੁਗ ਜੁਗ ਵੱਸੇ ਸਦਾ ਇਹ ਖੇੜਾ
ਓਸ ਦਾਤੇ ਦੀ ਅਜਬ ਹੈ ਲੀਲਾ
ਓਹਦੀ ਆਗਿਆ ਬਿਨ ਹਿਲਦਾ ਨੀ ਤੀਲਾ
ਓਹ ਦਾਤਾ ਜੋ ਸਭ ਦਾ ਸਾਂਝਾ
ਓਹਦੀ ਰਜ਼ਾ ਚ ਮੇਰਾ ਰਾਜੀ ਰਾਂਝਾ
ਜੋ ਮਿਲਿਆ ਓਹਦਾ ਸ਼ੁਕਰ ਮਨਾਵਾਂ
ਓਹਦੇ ਅੱਗੇ ਨਿੱਤ ਸੀਸ  ਝੁਕਾਵਾਂ