Friday, 12 October 2012

ਮੇਰਾ ਸਕੂਲ ਜਾਣਾ


ਦਹੀਂ ਨਾਲ ਖਿਲਾਈ ਰੋਟੀ, ਮਾਂ ਮੇਰੀ ਨੇ ਕੋਲ ਸੀ ਖੜਕੇ 
ਦਿਲੋ ਇਕ ਅਸੀਸ ਸੀ ਦਿੱਤੀ, ਪੁੱਤ  ਬਣੂੰਗਾ ਅਫਸਰ ਪੜਕੇ 
ਨਵਾਂ ਝੱਗਾ ਤੇ ਨੰਗੇ ਪੈਰੀਂ, ਹਥ ਵਿਚ ਝੋਲਾ ਬੋਰੀ ਫੜਕੇ 
ਪਹਿਲੀ ਵਾਰ ਸੀ ਗਿਆ ਸਕੂਲੇ, ਮੈਂ ਬਾਪੁ ਦੇ ਮੋਢੇ ਚੜਕੇ 

ਫੁੱਲਿਆ ਨਾਲ ਮੈਂ ਚ ਮਲਾਰਾਂ, ਬੜਿਆ ਵਿਚ ਸਕੂਲੇ ਜਾਕੇ 
ਬਾਪੁ ਮੁੜ ਗਿਆ ਘਰ ਨੂੰ ਵਾਪਿਸ, ਨਾਂ ਮੇਰਾ ਦਰਜ਼ ਸ੍ਕੂਲ ਕਰਾਕੇ 
ਬੈਠ ਗਿਆ ਮੈਂ ਨਾਲ ਦੋਸਤਾਂ, ਵਿਚ ਕਤਾਰ ਬੋਰੀ ਤੇ ਚੜਕੇ 
ਪਹਿਲੀ ਵਾਰ ਸੀ ਗਿਆ ਸਕੂਲੇ, ਮੈਂ ਬਾਪੁ ਦੇ ਮੋਢੇ ਚੜਕੇ 

ਦੇਖ ਮੂਰਤਾਂ ਕਾਇਦੇ ਉਤੋਂ ਊੜਾ ਐੜਾ ਪੜਨਾ ਸਿਖਿਆ 
ਧਰਤੀ ਉਤੇ ਹਥ ਫੇਰਕੇ , ਉਂਗਲ ਨਾਲ ਮੈਂ ਲਿਖਣਾ ਸਿਖਿਆ 
ਸਿਖਿਆ ਪੜਨਾ ਜੋੜ ਕੇ ਅੱਖਰ, ਲਗਾ ਮਾਤਰਾਂ ਨਾਲ ਮੈਂ ਜੜਕੇ
ਪਹਿਲੀ ਵਾਰ ਸੀ ਗਿਆ ਸਕੂਲੇ, ਮੈਂ ਬਾਪੁ ਦੇ ਮੋਢੇ ਚੜਕੇ

ਫੱਟੀ ਉਤੇ ਗਾਚੀ ਮਲਕੇ, ਮਾਂ ਬੋਲੀ ਮੈਂ ਲਿਖਣੀ ਸਿੱਖੀ 
ਸਲੇਟ ਸਲੇਟੀ ਦਾ ਮੇਲ ਕਰਾਕੇ, ਗਣਿਤ ਦੀ ਪਰਿਭਾਸ਼ਾ ਸਿੱਖੀ 
ਇਕ ਦੂਣੀ ਦੂਣੀ, ਦੋ ਦੂਣੀ ਚਾਰ, ਰਟੇ ਪਹਾੜੇ ਲਾਇਨਾ ਚ ਖੜਕੇ 
ਪਹਿਲੀ ਵਾਰ ਸੀ ਗਿਆ ਸਕੂਲੇ, ਮੈਂ ਬਾਪੁ ਦੇ ਮੋਢੇ ਚੜਕੇ

ਘੜਨੀ ਕਿਦਾਂ ਕਲਮ ਕਾਨੇ ਤੋਂ, ਮਾਸਟਰ ਜੀ ਨੇ ਮੈਨੂੰ ਸਿਖਾਈ 
ਤਵੇ ਦੀ ਕਾਲਖ ਗੂੰਦ ਕਿੱਕਰ ਦਾ, ਪਾ ਬੇਬੇ ਨੇ ਸਿਆਹੀ ਬਣਾਈ
ਚਾਵਾਂ ਨਾਲ ਮੈਂ ਫੱਟੀ ਲਿੱਖੀ, ਹਾਥੀ ਕਲਮ ਕਾਨੇ ਦੀ ਘੜਕੇ
ਪਹਿਲੀ ਵਾਰ ਸੀ ਗਿਆ ਸਕੂਲੇ, ਮੈਂ ਬਾਪੁ ਦੇ ਮੋਢੇ ਚੜਕੇ

ਪੜਨ ਚ ਕੋਈ ਕਸਰ ਨਾਂ ਛੱਡੀ, ਰਿਹਾ ਸਦਾ ਕਲਾਸ ਚ ਅਗੇ 
ਕੀਤੀਆਂ ਨਿੱਕੀਆਂ ਸ਼ਰਾਰਤਾਂ ਕਾਰਨ, ਅਕਸਰ ਚਿਤੜਾਂ ਤੇ ਡੰਡੇ ਲੱਗੇ 
ਕਦੇ ਕਦੇ ਅਣਗਹਿਲੀ ਕਾਰਨ, ਮੁਰਗਾ ਬਣਿਆ ਕੰਨ ਪਕੜਕੇ 
ਪਹਿਲੀ ਵਾਰ ਸੀ ਗਿਆ ਸਕੂਲੇ,ਮੈਂ ਬਾਪੁ ਦੇ ਮੋਢੇ ਚੜਕੇ 

ਪੀੜ ਪ੍ਰੌਹਣੀ



ਇਕ ਦਿਨ ਪੀੜ ਪ੍ਰੌਹਣੀ ਬਣਕੇ 
ਸਾਡੇ ਵਿਹੜੇ ਆਕੇ ਬਹਿ ਗਈ  
ਹੱਸਦੇ ਵੱਸਦੇ ਖੇੜੇ ਦੇ ਵਿਚੋਂ
ਖੁਸ਼ੀਆਂ ਸਾਥੋਂ ਖੋਹਕੇ ਲੈ ਗਈ 

ਨਾਂ ਕੁਝ ਪੁਛਿਆ ਨਾਂ ਕੁਝ ਦੱਸਿਆ 
ਦੁਖਾਂ ਦਾ ਚਰਖਾ ਡਾਹਕੇ ਬਹਿ ਗਈ 
ਸੁਖਾਂ ਦੀਆਂ ਜੋ ਅਸੀਂ ਵੱਟੀਆਂ ਪੂਣੀਆ
ਬੋਹੀਏ ਦੇ ਵਿਚ ਪਾਕੇ ਬਹਿ ਗਈ 

ਕੱਸਕੇ  ਢਿੱਲੀ ਮਾਲ੍ਹ ਨੂੰ ਪਹਿਲਾਂ 
ਤੱਕਲੇ ਦੇ ਵੱਲ ਕੱਢਣ ਲੱਗ ਪਈ
ਚਰਖੇ ਨੂੰ  ਓਹ ਦੇਕੇ ਗੇੜਾ 
ਤੰਦ ਗਮਾਂ ਦੇ ਕੱਡਣ ਲੱਗ ਪਈ 

ਖੇੜੇ  ਦੇ ਵਿਚ ਜੋ ਸਨ ਖੁਸ਼ੀਆਂ 
ਹੋਲੀ ਹੋਲੀ ਉੱਡਣ ਲੱਗੀਆਂ 
ਜੁੰਡੀ  ਦੇ ਜੋ ਯਾਰ ਕਹਾਉਂਦੇ 
ਮਾਰਨ ਲੱਗ ਪਏ ਫਿਰ ਠੱਗੀਆਂ 

ਕਾਰੋਬਾਰ ਵੀ ਬੰਦ ਹੋ ਗਏ
ਆ ਗਈ ਨਾਲੇ ਪੈਸੇ ਦੀ ਤੰਗੀ 
ਪਤਾ ਨਹੀ ਕਾਹਤੋਂ  ਮੁੰਹ ਫੇਰ ਗਏ 
ਓਹ ਰਿਸ਼ਤੇਦਾਰ ਤੇ ਬੇਲੀ ਸੰਗੀ 

ਇਸੇ ਸਾੜਸਤੀ ਦੇ ਅੰਦਰ 
ਪਿਆਰੀ ਮਾਂ ਮੇਰੀ ਮੈਨੂੰ  ਛੱਡ ਗਈ 
ਜੋ ਮੇਰਾ ਨਿੱਤ ਸਹਾਰਾ ਬਣਦੀ
ਉਸ ਘਰਵਾਲੀ ਦੇ ਸੱਟ ਵੱਜ ਗਈ 

ਫਿਰ ਵੀ ਉਸ ਹਿੰਮਤ ਨਾਂ ਹਾਰੀ
ਡਿੱਗਦੇ ਨੂੰ ਆਪਣਾ ਹਥ ਫੜਾਇਆ 
ਬਾਪੂ ਮੈਨੂੰ  ਦਿੱਤਾ ਹੌਸਲਾ 
ਪੁਤਰਾਂ ਮੋਢੇ ਨਾਲ ਮੋਢਾ ਲਾਇਆ 
ਦੇਕੇ ਸਾਥ ਅਣਮੁਲੇ ਦੋਸਤਾਂ  
ਮੈਂਨੂੰ  ਮੇਰੇ  ਪੈਰਾਂ ਤੇ ਖੜਾਇਆ 
ਸਾਰਿਆ ਅਸੀਂ ਕੱਠੇ ਹੋਕੇ 
ਪੀੜ ਪ੍ਰੌਹਣੀ ਨੂੰ ਘਰੋਂ ਭਜਾਇਆ 

Friday, 5 October 2012

ਲੁਕਣਮੀਚੀ

ਪਿੰਡ ਦੇ ਬੱਚੇ ਕੱਠੇ ਹੋਕੇ, ਸ਼ਾਮੀ ਖੇਲਦੇ ਲੁਕਣਮੀਚੀ
ਕਿੱਥੇ ਲੁਕਣਾ ਕਿੱਥੇ ਛੁਪਣਾ, ਕਦੇ ਕਿਸੇ ਪ੍ਰੀਵਾਹ ਨੀ ਕੀਤੀ 

ਕਿਹੜਾ ਘਰ ਹੈ ਕੌਣ ਹੈ ਘਰ ਵਿਚ, ਕਦੇ ਕਿਸੇ ਦੇ ਧਿਆਂਨ ਨਹੀਂ ਆਇਆ 
ਅੰਮਾ, ਭਾਬੀ, ਚਾਚੀ ਤਾਈ, ਬਾਬਾ ਵੀਰਾ ਚਾਚਾ ਜਾਂ ਫਿਰ ਤਾਇਆ 

ਲੁੱਕ ਜਾਂਦੇ ਜਾ ਵਿਚ ਸ੍ਬਾਤਾਂ, ਜਾਣ ਫਿਰ ਦਾਣਿਆਂ ਵਾਲੇ ਅੰਦਰ
ਖੁਰਲੀਆਂ ਦੇ ਵਿਚ ਡੰਗਰਾਂ ਮੁਹਰੇ, ਜਾਣ ਫਿਰ ਤੂੜੀ ਵਾਲੇ ਅੰਦਰ 

ਰੋਜ ਘਰਾਂ ਵਿਚ ਜਾ ਅਸੀਂ ਵੜਦੇ, ਕਦੇ ਕਿਸੇ ਨਾਂ ਬੁਰਾ ਮਨਾਇਆ 
ਘਰ ਵਾਲਿਆ ਨੇ ਅਗੇ ਹੋਕੇ, ਅਕਸਰ ਸਾਨੂੰ ਘਰ ਚ ਛੁਪਾਇਆ

ਚੂਹੇ  ਬਿੱਲੀਆ ਤੇ ਸੱਪਾਂ ਦਾ, ਕਦੇ ਨਾਂ ਮਨ ਵਿਚ ਡਰ ਕੋਈ ਆਇਆ 
ਓਨੀ ਦੇਰ ਤਕ਼ ਖੇਡਦੇ ਰਹਿੰਦੇ, ਜਦ ਤਕ਼ ਬੁਲਾਵਾ ਨਾਂ ਘਰ ਤੋਂ ਆਇਆ 

ਹੁਣ ਜਦ ਵੀ ਮੈਂ ਪਿੰਡ ਚ ਜਾਨਾ, ਲੁਕਣਮੀਚੀ ਕੋਏ ਨੇ ਖੇਲੇ 
ਕੌਮ੍ਪ੍ਯੁਟਰ, ਫੋਨ ਜਾਂ ਟੀਵੀ ਅੱਗੇ, ਮਿਲਦੇ ਬੈਠੇ ਸਾਰੇ ਵੇਹਲੇ 

ਪਹਿਲਾਂ ਵਾਂਗੂੰ  ਘਰ ਨੀ ਖੁੱਲੇ, ਨਾਂ ਹੀ ਬੱਚੇ ਹੁਣ ਬੱਚੇ ਰਹਿ ਗਏ 
ਆਪੋ ਧਾਪੀ ਦੇ ਚਕਰਾਂ ਵਿਚ, ਸਾਡੇ ਸੰਸਕਾਰ ਢੇਰੀ ਢਹਿ ਗਏ 

ਬਦਲਆ ਦੇ ਨਾਲ ਹੈ ਹੋਈ ਤਰੱਕੀ, ਮੰਨਿਆ ਬਦਲਆ ਹੈ ਬਹੁਤ ਜ਼ਰੂਰੀ
ਪਰ ਕਿਓਂ ਇਸ ਤਰੱਕੀ ਖਾਤਿਰ ਰਿਸ਼ਤਿਆਂ ਵਿਚ ਅਸੀਂ ਵਧਾ ਲਈ ਦੂਰੀ

ਤੇਰਾ ਮਿਲਣਾ


ਜਿੰਦਗੀ ਬਣ ਗਈ ਸੀ ਮਜਬੂਰੀ
ਓਹਦੇ ਚਲੇ ਜਾਣੇ  ਤੋਂ  ਬਾਦ 
ਖਿੜ ਗਿਆ ਫੇਰ ਓਹ ਗੁਲਸਤਾਂ  ਮੇਰਾ 
ਤੇਰੇ ਆ ਜਾਣੇ  ਤੋਂ ਬਾਦ

ਤੈਨੂੰ  ਲਗਦਾ ਮੈਂ ਹੁਣ ਵੀ ਪੂਜਦਾਂ
ਉਸਨੂੰ  ਦਫਨਾਣੇ  ਤੋਂ ਬਾਦ
ਮੇਰੇ ਦਿਲ ਵਿਚ ਸਿਰਫ ਇਕ ਹੀ ਮੂਰਤ 
ਤੇਰੇ ਮਿਲ ਜਾਣੇ ਤੋਂ ਬਾਦ 

ਚਾਹੇ ਤੈਨੂੰ ਕੁਝ ਭੀ ਲੱਗੇ
ਮੇਰੇ ਪਿਆਰ ਜਤਾਓਣੇ  ਤੋਂ ਬਾਦ
ਹੋ ਗਏ ਦਿਲ ਦੇ ਬੰਦ ਦਰਵਾਜੇ 
ਤੇਰੇ ਅੰਦਰ ਆਓਣੇ ਤੋਂ ਬਾਦ 

ਨੋਕ ਝੋਕ ਜਿੰਦਗੀ ਦਾ ਹਿੱਸਾ
ਸ਼ਾਦੀ ਹੋ ਜਾਣੇ ਤੋਂ ਬਾਦ
ਸ਼ੱਕ ਕਦੇ ਨਾਂ ਮਨ ਵਿਚ ਆਈ 
ਤੈਨੂੰ  ਅਪਨਾਣੇ ਤੋਂ ਬਾਦ  

ਕਈ ਵਾਰ ਕੁਝ ਬੋਲ ਦਿੰਦਾ ਹਾਂ
ਗੁੱਸਾ ਆ ਜਾਣੇ  ਤੋਂ ਬਾਦ 
ਸਮਝ ਨਹੀ ਲਗਦੀ ਕੀ ਕਰਾਂ ਮੈਂ 
ਤੇਰੇ ਰੁੱਸ ਜਾਣੇ ਤੋ ਬਾਦ

ਕਈ ਦਿਨਾਂ ਤੱਕ ਗੁੰਮ  ਸੁੰਮ  ਰਹਿਨਾ
ਤੈਨੂੰ  ਕੁਝ ਕਹਿ ਜਾਣੇ ਤੋਂ ਬਾਦ 
ਛੱਡ ਨਹੀ ਸਕਿਆ ਆਪਣੀ ਇਹ ਆਦਤ 
ਲੱਖ ਤੇਰੇ ਸਮਝਾਣੇ ਤੋਂ ਬਾਦ 

ਨਾਂ ਪੁਛਿਆ ਕਰ ਮੁੜ ਮੁੜ ਤੂੰਹੀ
ਇਕ ਬਾਰ ਬਤਾਣੇ  ਤੋਂ ਬਾਦ 
ਜਖ੍ਮ ਕੁਰੇਦਨ ਦਾ ਕੋਈ ਨੀ ਫਾਇਦਾ 
ਨਾਸੂਰ ਆ ਜਾਣੇ ਤੋਂ ਬਾਦ 

ਤੂੰ ਚਾਹੇ ਮੰਨੇ ਨਾਂ ਮੰਨੇ 
ਮੇਰੇ  ਇਹ ਕਹਿ ਜਾਣੇ ਤੋਂ ਬਾਦ 
ਜਿੰਦਾ ਇਕ ਪਲ ਰਹਿ ਨਹੀਂ ਸਕੂੰਗਾ
ਤੇਰੇ ਚਲੇ ਜਾਣੇ ਤੋਂ ਬਾਦ