Thursday, 4 December 2014

ਮੈਂ

ਨਾਂ ਬਣ ਫੁੱਲ ਕਿਸੇ ਸੂਰਜਮੁਖੀ ਦਾ
ਸੂਰਜ ਨਾਲ  ਮੈਂ ਘੁਮਿਆ
ਨਾਂ ਬਣ ਸਾਥੀ ਚਕੋਰ ਕਿਸੇ ਦਾ
ਮੈਂ ਕਦੇ  ਚੰਦ੍ਰਮਾ ਨੂੰ ਚੁਮਿਆ

ਨਾਂ ਮੈਂ ਕਦੇ ਪਪੀਹਾ ਬਣਕੇ
ਬੱਦਲਾਂ ਵੱਲ ਨੂੰ ਤੱਕਿਆ
ਨਾਂ ਕਦੇ ਕੋਈ ਟਟੀਰੀ ਬਣਕੇ
ਅਸਮਾਨ ਟੰਗਾਂ ਉੱਤੇ ਚੱਕਿਆ 

ਨਾਂ ਮੈਂ ਕਦੇ ਕੋਈ ਪੰਛੀ ਬਣਕੇ
ਉੱਡਿਆ ਵਿਚ ਅਸਮਾਨੀਂ
ਨਾਂ ਬਿੱਲੀ ਨਾਂ ਸਿਹਾ ਬਣਕੇ
ਦਿੱਤੀ ਕੁੱਤਿਆਂ ਨੂੰ ਝਕਾਨੀ

ਨਾਂ ਕਦੇ ਕੋਈ ਸਿਆਣਾ ਬਣਕੇ
ਕਿਸੇ ਨੂੰ ਪਾਠ ਪੜ੍ਹਾਇਆ
ਨਾਂ ਕਿਸੇ ਜੱਟ ਦੇ ਪੁੱਤਰ ਵਾਂਗੂੰ
ਖੇਤਾਂ ਵਿਚ ਹਲ੍ਹ ਵਾਹਿਆ

ਧੋਬੀ ਦੇ ਕੁੱਤੇ ਦੇ ਵਾਂਗੂੰ  ਰਿਹਾ
ਚੱਕਰ ਘਰ ਘਾਟ ਦੇ ਲਾਉਂਦਾ
ਬਸ ਆਵਾਗਉਣ ਜਿਹੀਆਂ ਗੱਲਾ ਪਿੱਛੇ
ਰਿਹਾ ਲੋਕਾਂ ਨਾਲ ਸਿੰਗ ਫਸਾਉਂਦਾ

ਟੱਪ ਗਿਆ ਜਦੋਂ ਪੰਜਾਹ ਤੋਂ ਉੱਤੇ
ਤਾਂ ਆ ਅਕਲ ਬੂਹਾ ਖੜਕਾਇਆ
ਪਿਛਲੇ ਚਾਰ ਪੰਜ ਸਾਲਾਂ ਦੇ ਵਿਚ
ਜਿੰਦਗੀ ਨੇ ਬੜਾ ਹੀ ਕੁਝ ਸਖਾਇਆ

ਰਹਿਗੇ ਜੇਹੜੇ ਪੰਜ ਸੱਤ
ਓਹ ਵੀ ਚੰਗੇ ਹੀ ਜਾਣਗੇ
ਚਾਰ ਭਾਈਆਂ ਦੇ ਮੋਢੇ ਚੜ
ਫਿਰ ਯਾਰ ਉਡਾਰੀ ਲਾਉਣਗੇ

HSD 05/12/2014

ਰੱਬ ਦੀ ਵੰਡ

ਰੱਬ ਦੇ ਬੰਦੇ ਕਿੱਦਾਂ
ਰੱਬ ਨੂੰ ਵੇਚਣ ਲੱਗ ਪਏ
ਲੈਕੇ ਓਹਦਾ ਨਾਂ ਓਹਦੇ
ਬੰਦਿਆਂ ਨੂੰ ਠੱਗ ਰਹੇ

ਪਹਿਲਾਂ ਵੰਡਿਆ ਰੱਬ ਨੂੰ
ਫੇਰ ਓਹਦੀ ਧਰਤੀ ਵੀ ਵੰਡ ਲਈ
ਐਨਾ ਕਰਕੇ ਵੀ  ਅਸਾਡੇ 
ਨਾਂ ਅਜੇ ਕਾਲਜੇ ਠੰਡ ਪਈ 

ਵੰਡ ਕੇ ਰੱਬ ਨੂੰ ਅਸਾਂ ਨੇ ਆਪਣਾ
ਵਖਰਾ ਧਰਮ ਚਲਾਇਆ
ਵੱਖਰਾ ਰੱਬ ਬਣਾ ਕੇ ਅਸਾਂ ਨੇ
ਮੰਦਰਾਂ ਨੂੰ ਸਜਾਇਆ 


ਰੱਬ ਦੇ ਨਾਂ ਤੇ ਸ਼ੁਰੂ ਕੀਤਾ
ਫਿਰ ਕੰਮ ਅਸੀਂ  ਠੱਗਣ ਦਾ
ਹਰ ਕਿਸੇ ਨੂੰ ਵੇਚਿਆ ਕਿੱਸਾ
ਅਸੀਂ ਰੱਬ ਦੇ ਨੇਹ ਲੱਗਣ ਦਾ

ਖੋਲ ਦੁਕਾਨਾਂ ਥਾਂ ਥਾਂ
ਰੱਬ ਦੇ ਨਾਂ ਤੇ ਅਸੀਂ ਲੁੱਟੀਏ 
ਜੇ ਕੋਈ ਮੂਹਰੇ ਬੋਲੇ
ਓਹਨੂੰ ਡੰਡਿਆਂ ਨਾਲ ਕੁੱਟੀਏ

ਪਾਕੇ ਰੱਬ ਦਾ ਡਰ ਅਸੀਂ
ਰੱਬ ਨੂੰ ਹਉਆ ਬਣਾ ਦਿੱਤਾ
ਇਨਸਾਨ ਦੀ ਸੋਹਣੀ ਜੂਨ ਨੂੰ
ਕਰਮਾ ਵਿਚ ਘੁਮਾ ਦਿੱਤਾ

ਲਗਦਾ ਨੀਂ ਰੱਬ ਮਿਲਿਆ
ਕਦੇ ਕਿਸੇ ਰੱਬ ਦੇ ਬੰਦੇ ਨੂੰ
ਫਿਰ ਕਿੱਦਾਂ ਰੱਬ ਬੰਦ ਕਰੂ 
ਇਸ ਠੱਗੀ ਦੇ ਧੰਦੇ ਨੂੰ 

ਜੇ ਰੱਬ ਨੇ ਹੁਣ ਬਚਣਾ 
ਹੈ ਓਹਨੂੰ ਬੰਦਾ ਪੂਜਣਾ ਪੈਣਾ  
ਨਹੀਂ ਤਾਂ ਓਹਨੂੰ ਵੰਡ ਵੇਚ ਕੇ 
ਅਸੀਂ ਜੇਬਾਂ ਚ ਪਾ ਲੈਣਾ 

HSD 17/11/2014

ਹਾਇਕੁ- 11

ਅੰਬਰ ਨੀਲਾ
ਨਿਕਲੇ ਕਾਂ ਦੀ ਅੱਖ
ਤੋਤਾ ਉੜਿਆ

ਹਵਾ ਦੀ ਬੁੱਲਾ
ਤਪਦੀ ਦੁਪਿਹਰ
ਮੂੰਹ ਤੇ ਪਸੀਨਾ

ਸਾਲ ਦਾ ਅੰਤ
ਅੱਤ ਦੀ ਗਰਮੀ
ਛੁੱਟੀ ਉਡੀਕਾਂ

ਕ੍ਰਿਸਮਿਸ
ਖਰੀਦੋ ਫ੍ਰੋਕਤ
ਭੀੜ ਦੁਕਾਨੀ

ਮੇਲੇ ਦੀ ਰੁੱਤ
ਖਿਡੌਣੇ  ਖਰੀਦਣ
ਬੱਚੇ ਚੀਕਣ
(festive season )

HSD 05/12/2014

ਅਹਿਸਾਸ

ਮੈਨੂੰ ਅਹਿਸਾਸ ਹੈ
ਧੌੜੀ ਨੂੰ ਪਈ ਕੁੱਟ ਦਾ
ਤਾਂਹੀ ਤਾਂ ਸਹਿ ਲੈਂਦੇ ਨੇ
ਮੇਰੇ ਪੈਰ ਛਾਲਿਆਂ ਨੂੰ

ਮੈਨੂੰ ਅਹਿਸਾਸ ਹੈ
ਬੱਕਰੇ ਦੇ ਪੀੜ ਦਾ
ਤਾਂਹੀ ਤਾਂ ਸੁਣ ਲੈਂਦੇ ਨੇ
ਮੇਰੇ ਕੰਨ ਢੋਲ ਦੀ ਅਵਾਜ਼

ਮੈਨੂੰ ਅਹਿਸਾਸ ਹੈ
ਕੁਦਰਤ ਦੇ ਨਿਯਮਾਂ ਦਾ
ਤਾਂਹੀ ਤਾਂ ਦੇਖ  ਲੈਂਦੇ ਨੇ
ਮੇਰੇ ਨੈਣ ਇਹ ਕੁਦਰਤੀ ਨਜ਼ਾਰੇ

ਮੈਨੂੰ ਅਹਿਸਾਸ ਹੈ
ਨਾਨਕ ਦੇ ਦਿੱਤੇ ਸੁਨੇਹੇ ਦਾ
ਤਾਂਹੀ ਤਾਂ ਕਰ ਲੈਂਦੇ ਨੇ
ਮੇਰੇ ਹੱਥ ਹੱਕ ਸੱਚ ਦੀ ਕਮਾਈ

ਮੈਨੂੰ ਅਹਿਸਾਸ ਹੈ
ਰੱਬ ਦੇ ਦਿੱਤੇ ਸੁਨੇਹੇ ਦਾ
ਤਾਂਹੀ ਤਾਂ ਕਹਿ ਲੈਂਦੇ ਨੇ
ਮੇਰੇ ਹੋਂਠ ਅਕਸਰ ਸਚਾਈ .

ਮੈਨੂੰ ਅਹਿਸਾਸ ਹੈ
ਜਨੇਪੇ ਦੀਆਂ ਪੀੜਾਂ ਦਾ
ਤਾਂਹੀ ਤਾਂ ਚੁੱਕ ਲੈਂਦੇ ਨੇ
ਮੇਰੇ ਮੋਢੇ ਮਾਂ ਦਾ ਕਰਜ਼