ਕਣਕ ਨੂੰ ਦੋਧਾ ਪੈ ਗਿਆ
ਝੜੇ ਸਰੋਂ ਦੇ ਫੁੱਲ
ਲੱਗਿਆ ਮੇਲਾ ਸ਼ਿਵਰਾਤਰੀ
ਗਿਆ ਸ਼ਿਵਦੁਆਲਾ ਖੁੱਲ
ਮੇਲੇ ਨੂੰ ਮੈਂ ਤੁਰ ਪਿਆ
ਲੈ ਕੇ ਭੰਗ ਦਾ ਪ੍ਰਸ਼ਾਦ
ਮੱਥਾ ਸ਼ਿਵਲਿੰਗ ਨੂੰ ਟੇਕਿਆ
ਕਰ ਸ਼ਿਵਜੀ ਨੂੰ ਮੈਂ ਯਾਦ
ਕਰੀਂ ਰਾਖੀ ਮੇਰੀ ਫਸਲ ਦੀ
ਓਹ ਧਰਤੀ ਦੇ ਰਖਵਾਲਿਆ
ਓਹਨੂੰ ਆਂਚ ਨਾਂ ਕੋਈ ਆਉਣ ਦਈਂ
ਜਿਹਨੂੰ ਬੱਚਿਆਂ ਵਾਂਗ ਮੈਂ ਪਾਲਿਆ
ਜਦ ਕਾਲਾ ਬੱਦਲ ਦੇਖਿਆ
ਮੈਂ ਚੜਦਾ ਪੱਛੋਂ ਵੱਲ
ਝੱਟ ਹੀ ਬਜਾਉਣ ਲੱਗ ਪਿਆ
ਮੈਂ ਮੰਦਰ ਵਾਲਾ ਟੱਲ
ਬਿਜਲੀ ਲਿਸ਼ਕੀ ਬੱਦਲ ਗਰਜਿਆ
ਆਈ ਮੀਂਹ ਦੀ ਤੇਜ ਬੌਸ਼ਾਰ
ਹਵਾ ਦਾ ਝੱਖੜ ਝੁੱਲਿਆ
ਪੈਗੀ ਫਸਲ ਨੂੰ ਇਹ ਗੜੇਮਾਰ
ਟੁੱਟ ਗਈ ਮੇਰੀ ਆਸਥਾ
ਹੋਇਆ ਚਕਨਾਚੂਰ ਵਿਸ਼ਵਾਸ
ਮੇਰੇ ਸਪਨੇ ਸਾਰੇ ਟੁੱਟ ਗਏ
ਪਈ ਪੁੱਠੀ ਮੇਰੀ ਅਰਦਾਸ
ਛਾਇਆ ਨੇਰ੍ਹਾ ਚਾਰ ਚੁਫੇਰਾ
ਗਿਆ ਸਭ ਕੁਝ ਹੋ ਬਰਬਾਦ
ਦਸ ਕਿਹਦੇ ਅੱਗੇ ਕਰਾਂ ਮੈਂ
ਹੁਣ ਆਪਣੀ ਇਹ ਫਰਿਆਦ
HSD 04/02/2014
No comments:
Post a Comment