ਅੱਜ ਆਪਣੇ ਘਰ ਦੀ ਖਿੜਕੀ ਚੋਂ
ਮੈਂ ਚੜਦਾ ਸੂਰਜ ਦੇਖਿਆ ਸੀ
ਓਹਦੀ ਸੁਨਿਹਿਰੀ ਧੁੱਪ ਨੂੰ ਮੈਂ
ਵਿਚ ਵਿਹੜੇ ਖੜ ਕੇ ਸੇਕਿਆ ਸੀ
ਹੌਲੀ ਹੌਲੀ ਪਹਾੜੀ ਦੇ ਉੱਤੋਂ ਦੀ
ਸਿਰ ਉਸਨੇ ਆਪਣਾ ਚੱਕਿਆ ਸੀ
ਇਕ ਸ਼ਰ੍ਮੀਲੀ ਨਾਰ ਵਾਂਗੂੰ ਉਸ
ਅੱਖਾਂ ਨੀਵੀਆਂ ਕਰਕੇ ਤੱਕਿਆ ਸੀ
ਇਕ ਬੱਦਲੀ ਨੇ ਛੇਤੀ ਆਕੇ
ਓਹਦੇ ਅੱਗੇ ਪੱਲਾ ਕਰ ਦਿੱਤਾ
ਜਿੱਦਾਂ ਡੋਲੀ ਚੋਂ ਨਿੱਕਲੀ ਵਹੁਟੀ ਦਾ
ਘੁੰਡ ਸੱਸ ਨੇ ਨੀਵਾਂ ਕਰ ਦਿੱਤਾ
ਓਹਦੀਆਂ ਸੋਨੇ ਰੰਗੀਆਂ ਕਿਰਨਾ ਨੇ
ਵੇਹੜਾ ਮੇਰਾ ਰੁਸ਼ਨਾ ਦਿੱਤਾ
ਜਿਦਾਂ ਨਵ ਵਿਆਹੀ ਨੇ ਸਹੁਰੇ ਘਰ
ਆ ਅਪਣਾ ਦਾਜ ਸਜਾ ਦਿੱਤਾ
ਹਰ ਪਾਸੇ ਚਹਿਕਾਂ ਮਹਿਕਾਂ ਸਨ
ਇੱਕ ਅਦਭੁਤ ਜਿਹਾ ਨਜ਼ਾਰਾ ਸੀ
ਵਹੁਟੀ ਆਉਣ ਦੇ ਚਾ ਵਿਚ
ਜਿਵੇ ਨੱਚਿਆ ਟੱਬਰ ਸਾਰਾ ਸੀ
No comments:
Post a Comment