Thursday, 20 March 2014

ਰਿਸ਼ਤੇ ਨਾਤੇ

ਰਿਸ਼ਤੇ ਨਾਤੇ ਕੀ ਹੁੰਦੇ ਨੇ ਕਿਓਂ ਹੁੰਦੇ ਨੇ
ਇਹ ਤਾਂ ਮੈਨੂੰ ਸਮਝ ਹੈ ਆਉਂਦਾ
ਕਿੰਝ ਬਣਦੇ ਨੇ ਕਦ ਬਣਦੇ ਨੇ
ਇਸ ਉਲਝਣ ਨੂੰ ਮੈਂ  ਰਹਾਂ ਸੁਲਝਾਉਂਦਾ

ਇਹ ਹੁੰਦੇ ਨੇ ਸੰਜੋਗਾਂ ਦੇ ਮੇਲੇ
ਸਾਡਾ ਧਰਮ ਤਾਂ ਇਹ ਸਮਝਾਉਂਦਾ
ਆਪਣੇ ਜਮਣ ਵੇਲੇ ਜਿਹੜੇ
ਹਰ ਕੋਈ ਧੁਰੋਂ ਲਿਖਾ ਕੇ ਲਿਆਉਂਦਾ

ਕਿੱਥੇ ਜੰਮਣਾ ਕਿੱਥੇ ਮਰਨਾ
ਕਿਸ ਧਰਤੀ ਤੇ ਜਾ ਕੇ ਵੱਸਣਾ  
ਕੀਹਦੇ ਸੰਗ ਸੰਜੋਗ ਲਿਖੇ ਨੇ
ਕੀਹਦੇ ਸੰਗ ਬਹਿ ਕੇ ਹੈ ਹੱਸਣਾ

ਇਹ ਤਾਂ ਉਸਦੀਆਂ ਓਹਿਓ ਜਾਣੇ
ਇਹ ਸਾਰਾ ਕੁਝ ਸਾਡੇ ਵੱਸ ਨਾ
ਰੱਬ ਇਕ ਗੁੰਜਲਦਾਰ ਬੁਝਾਰਤ
ਪ੍ਰੋ, ਮੋਹਣ ਸਿੰਘ ਦਾ ਇਹ ਦੱਸਣਾ
HSD  21/03/2014

ਪੰਜਾਬ ਤੇ ਰੋਸ਼ਨੀ

ਪੇਪਰ ਵਿਚ ਸਵਾਲ ਆਇਆ
ਪੰਜਾਬ ਤੇ ਰੋਸ਼ਨੀ ਪਾਓ
ਬਹੁਤ ਸੋਚਿਆ
ਕਿ ਕਿਵੇਂ ਪਾਵਾਂ ਰੋਸ਼ਨੀ 
ਪੰਜਾਬ ਤੇ
ਬਿਜਲੀ ਇਥੇ ਆਉਂਦੀ ਨੀ
ਸੂਰਜ ਕਦੇ ਨਿਕਲਦਾ ਨੀਂ
ਚੰਦ੍ਰਮਾਂ ਨੂੰ ਅਕਸਰ ਗ੍ਰਿਹਣ
ਲੱਗਿਆ ਰਹਿੰਦਾ
ਤਾਰਿਆਂ ਦੀ ਲੋ
ਇਥੇ ਪਹੁੰਚਦੀ ਨੀਂ
ਚਾਰੇ ਪਾਸੇ ਹਨੇਰਾ ਹੈ
ਧੁੰਦ ਹੈ ਯਾ ਧੂਆਂ
ਰੋਸ਼ਨੀ ਦੀ ਕੋਈ ਕਿਰਣ
ਦਿਖਦੀ ਨਹੀਂ
ਨੌਜਵਾਨ ਨਸ਼ਿਆਂ ਨੇ ਖਾ ਲਏ
ਤੇ ਮਾਂ ਪਿਓ ਫਿਕਰਾਂ ਨੇ
ਧੀ ਭੈਣ ਮਹਿਫੂਜ਼ ਨਹੀਂ
ਨਾ ਘਰ ਵਿਚ ਨਾਂ ਸੜਕ ਤੇ
ਰਿਸ਼ਵਤ ਖੋਰੀ ਚੋਰ ਬਾਜ਼ਾਰੀ
ਨੇ ਨੱਕ ਵਿਚ ਦਮ ਕਰ ਛੱਡਿਆ
ਬੇਰੁਜਗਾਰੀ ਨੇ ਅੱਤ ਕਰ ਦਿੱਤੀ 
ਤੇ ਲੱਕ ਮਹਿੰਗਾਈ ਨੇ ਤੋੜ ਦਿੱਤਾ
ਅੱਜ ਕਲ੍ਹ ਤਾਂ
ਜੇਬ ਖਰਚ ਚੋਂ
ਬਸ ਇਕ ਬੈਟਰੀ
ਹੀ ਖਰੀਦ ਸਕਿਆਂ
ਤੇ ਇਸੇ ਨਾਲ ਪੰਜਾਬ ਤੇ
ਰੋਸ਼ਨੀ ਪਾਉਣ ਦੀ ਕੋਸ਼ਿਸ ਕੀਤੀ
ਪਰ ਇਹ ਤਾਂ ਮਾਸਟਰ ਜੀ ਨੂੰ
ਪਸੰਦ ਹੀ  ਨੀਂ ਆਇਆ
ਤੇ ਦੇ ਗਏ ਓਹ ਗੋਲ ਅੰਡਾ
ਜਾਂ ਫਿਰ ਭੁੱਲ ਗਏ
ਅੰਡੇ ਮੁਹਰੇ ਏਕਾ ਲਾਉਣਾ
ਯਾ ਫ਼ਿਰ ਨਹੀਂ ਸਮਝ ਸਕੇ
ਓਹ ਮੇਰੀ ਮਜਬੂਰੀ
ਸ਼ਾਇਦ ਦਿਖਦਾ ਹੋਵੇਗਾ
ਓਹਨਾ ਨੂੰ ਰੋਸ਼ਨੀ ਦਾ
ਕੋਈ ਵਖਰਾ ਸਰੋਤ
ਜੋ ਹੈ ਮੇਰੀ ਪਹੁੰਚ
ਤੋਂ ਬਹੁਤ ਦੂਰ

Tuesday, 11 March 2014

ਗਿਦੜੀ ਦਾ ਵਿਆਹ

ਚੇਤ ਮਹੀਨਾ
ਨੀਲਾ ਅਸਮਾਨ
ਚਮਕਦਾ ਸੂਰਜ
ਇੱਕ ਕਾਲੀ ਬੱਦਲੀ
ਪਤਾ ਨੀ ਕਿਧਰੋਂ ਆਈ
ਤੇ ਕਰ ਗਈ ਵਿਆਹ
ਗਿਦੜੀ ਦਾ
ਭਿਓਂ ਗਈ
ਮੇਰੇ ਸੰਗ
ਮੇਰੇ ਪਰਛਾਵੇਂ ਨੂੰ ਵੀ
HSD  12/03/2014

ਮਿਰਗ ਤ੍ਰਿਸ਼ਨਾ

ਫੱਗਣਮਹੀਨਾ
ਤਪਦਾ  ਸੂਰਜ
ਸਿਖਰ ਦੁਪਿਹਰ
ਲੰਬਾ ਪੈਂਡਾ
ਪਿਆਸਾ ਬਦਨ
ਸੁਕੇ ਬੁੱਲ੍ਹਾਂ ਨੂੰ
ਅੱਖੀਆਂ ਦਿੱਤਾ ਦਿਲਾਸਾ
ਦੇਖ ਮਿਰਗ ਤ੍ਰਿਸ਼ਨਾ
HSD  12/03/2014

Tuesday, 4 March 2014

ਹਾਇਕੂ -4

ਖਾਲੀ ਸੜਕ --
ਕਾਰ ਦੀਆਂ ਬੱਤੀਆਂ ਵੱਲ
ਤੱਕੇ ਭੂਰਾ ਸਿਹਾ

ਖੁੱਲੇ ਖੇਤ ---
ਕੰਗਾਰੂ ਦਾ ਬੱਚਾ
ਮੈਨੂੰ ਦੇਖ ਵੜਿਆ ਮਾਂ ਦੀ ਝੋਲੀ


ਬੱਦਲਵਾਈ ---
ਵਿਹੜੇ ਚ ਕੰਗਾਰੂ
ਸੂਰਜ ਖੇਡੇ ਲੁਕਣਮੀਚੀ

ਖੁੱਲੇ ਖੇਤ ---
ਸੁਨਹਿਰੀ ਘਾਹ
ਵਿਚ ਖੇਡੇ ਚਿੱਟਾ ਸਿਹਾ

ਕਾਲੀਬੋਲੀ ਰਾਤ...
ਬਿਜਲੀ ਦਾ ਲਿਸ਼ਕਾਰਾ
ਹੋਇਆ ਠੋਕਰ ਤੋਂ ਬਚਾਅ

ਕਾਲੇ ਬੱਦਲ ---
ਬਿਜਲੀ ਚਮਕੀ
ਗਰਜਣ ਉਡੀਕਾਂ

ਭੰਵਰੇ ਦੀ ਦੁਨੀਆ ...
ਰੰਗ ਬਿਰੰਗੇ ਫੁਲ
ਖੁਸ਼ਬੂਆਂ ਭਰੀ ਕਿਆਰੀ


ਖਿੜਿਆ ਫੁੱਲ
ਸੁੱਕੇ ਪੱਤਿਆਂ ਦੇ  ਖੜਾਕ ਤੋਂ
ਝੂਮੇ ਬੇਖ਼ਬਰ 

ਦਿਲ

ਦਿਲ ਨੂੰ ਮੈਂ ਸਮਝਾਇਆ ਬੜਾ ਸੀ
ਸਿੱਧੇ ਰਸਤੇ ਪਾਇਆ ਬੜਾ ਸੀ
ਪਰ ਇਹ ਬੇਸ਼ਰਮ ਕਦੀ ਨੀਂ ਮੰਨਿਆ
ਦਿਮਾਗ ਅੱਗੇ ਇਹਦੇ ਖੜਾਇਆ ਬੜਾ ਸੀ

ਪਰ ਇਹਨੇ ਓਹਦੀ ਇੱਕ ਨਾਂ ਮੰਨੀ
ਇਹਦੇ ਜੂੰ  ਕਦੇ ਸਰਕੀ ਨਾਂ ਕੰਨੀ
ਆਪਣੀ ਧੁੰਨ ਵਿਚ ਮਸਤ ਇਹ ਹੋਕੇ
ਤੁਰਦਾ ਰਿਹਾ ਨਿੱਤ ਬੰਨੀ ਬੰਨੀ

ਨਾਂ ਕੀਤੀ ਪ੍ਰੀਵਾਹ ਕਿਸੇ ਦੀ
ਨਾਂ ਮੰਨੀ ਇਸ ਸਲਾਹ ਕਿਸੇ ਦੀ
ਆਪਣੀ ਮਰਜ਼ੀ ਰਿਹਾ ਇਹ ਕਰਦਾ
ਲੱਗਦਾ ਲੱਗਗੀ ਹੁਣ ਹਾਹ ਕਿਸੇ ਦੀ

ਤਾਹਿਓਂ ਏਹਨੂੰ ਹੁਣ ਡੋਬਾ ਪੈ ਗਿਆ 
ਸੁੰਗੜ ਕੇ ਖੂੰਜੇ ਲੱਗ ਬਹਿ ਗਿਆ
ਨਿੱਕਲ ਗਈ ਹੁਣ ਆਕੜ ਏਹਦੀ
ਤਾਹਿਓਂ ਮੂਤ ਦੀ ਝੱਗ ਵਾਂਗੂੰ ਬਹਿ ਗਿਆ

ਪਹਿਲਾਂ ਜੇ ਓਹਦੀ ਗੱਲ ਮੰਨ ਲੈਂਦਾ
ਕਾਹਤੋਂ ਏਨਾ ਸਿਆਪਾ ਪੈਂਦਾ
ਰਲ ਮਿਲ ਕੇ ਕੋਈ ਹੱਲ ਲਭ ਲੈਂਦੇ
ਹੁਣ  ਕੱਲੇ ਨੂੰ ਨਾਂ ਸਹਿਣਾ ਪੈਂਦਾ
HSD 05/02/2014

ਮੇਲਾ ਸ਼ਿਵਰਾਤਰੀ


ਕਣਕ ਨੂੰ ਦੋਧਾ ਪੈ ਗਿਆ
ਝੜੇ ਸਰੋਂ ਦੇ ਫੁੱਲ
ਲੱਗਿਆ ਮੇਲਾ ਸ਼ਿਵਰਾਤਰੀ
ਗਿਆ ਸ਼ਿਵਦੁਆਲਾ ਖੁੱਲ

ਮੇਲੇ ਨੂੰ ਮੈਂ ਤੁਰ ਪਿਆ
ਲੈ ਕੇ ਭੰਗ ਦਾ ਪ੍ਰਸ਼ਾਦ
ਮੱਥਾ ਸ਼ਿਵਲਿੰਗ ਨੂੰ ਟੇਕਿਆ
ਕਰ ਸ਼ਿਵਜੀ ਨੂੰ ਮੈਂ ਯਾਦ

ਕਰੀਂ ਰਾਖੀ ਮੇਰੀ ਫਸਲ ਦੀ
ਓਹ ਧਰਤੀ ਦੇ ਰਖਵਾਲਿਆ
ਓਹਨੂੰ ਆਂਚ ਨਾਂ ਕੋਈ ਆਉਣ ਦਈਂ
ਜਿਹਨੂੰ ਬੱਚਿਆਂ ਵਾਂਗ ਮੈਂ ਪਾਲਿਆ

ਜਦ ਕਾਲਾ ਬੱਦਲ ਦੇਖਿਆ
ਮੈਂ ਚੜਦਾ ਪੱਛੋਂ ਵੱਲ
ਝੱਟ ਹੀ ਬਜਾਉਣ ਲੱਗ ਪਿਆ
ਮੈਂ ਮੰਦਰ ਵਾਲਾ ਟੱਲ

ਬਿਜਲੀ ਲਿਸ਼ਕੀ ਬੱਦਲ ਗਰਜਿਆ
ਆਈ ਮੀਂਹ ਦੀ ਤੇਜ  ਬੌਸ਼ਾਰ
ਹਵਾ ਦਾ ਝੱਖੜ ਝੁੱਲਿਆ
ਪੈਗੀ ਫਸਲ ਨੂੰ ਇਹ ਗੜੇਮਾਰ

ਟੁੱਟ ਗਈ ਮੇਰੀ ਆਸਥਾ
ਹੋਇਆ ਚਕਨਾਚੂਰ ਵਿਸ਼ਵਾਸ
ਮੇਰੇ ਸਪਨੇ ਸਾਰੇ ਟੁੱਟ ਗਏ
ਪਈ ਪੁੱਠੀ ਮੇਰੀ ਅਰਦਾਸ

ਛਾਇਆ ਨੇਰ੍ਹਾ  ਚਾਰ ਚੁਫੇਰਾ
ਗਿਆ ਸਭ ਕੁਝ ਹੋ ਬਰਬਾਦ
ਦਸ ਕਿਹਦੇ ਅੱਗੇ ਕਰਾਂ ਮੈਂ
ਹੁਣ ਆਪਣੀ ਇਹ ਫਰਿਆਦ
HSD 04/02/2014