Saturday, 28 April 2012

ਗੁਰ ਭਾਲ

ਗੁਰ ਲਭਣ ਦੀ ਗਲ ਕਰਾਂ ਮੈਂ
ਇਸ ਜਨੂੰਨ ਤੋਂ ਬਹੁਤ ਡਰਾਂ ਮੈਂ
ਜਿਹੜਾ ਇਹ ਹੁਣ ਕੀੜਾ ਜਾਗਿਆ
ਇਸ ਦਾ ਹੁਣ ਦਸ ਕੀ ਕਰਾਂ ਮੈਂ
ਜਦ ਤਕ ਇਹ ਹੁਣ ਸੌਂ ਨਹੀ ਜਾਂਦਾ
ਇਹਨਾ ਰਾਹਾਂ ਤੇ ਨਿੱਤ ਤੁਰਾਂ ਮੈਂ
ਹਿੰਮਤ ਕਰਕੇ ਲਭ ਲਵਾਂਗਾ
ਇਹ ਸੋਚ ਕੇ ਅਗਾਂਹ ਤੁਰਾਂ ਮੈਂ

ਪੰਡਤ ਪਾਧੇ ਤੋ ਲੈ ਕੇ ਪੁਛਿਆ
ਕਾਲੇ ਕੁਤੇ ਨੂੰ ਰੋਟੀ ਪਾਈ
ਲੈ ਕੇ ਕੁਝ ਮੈਂ ਫੁੱਲ ਸਮਗਰੀ
ਜਾ ਬੇਈਂ ਵਿਚ ਡੁੱਬਕੀ ਲਾਈ
ਲਭਣਾ ਨੀ ਸੀ ਕੁਝ ਭੀ ਇਥੇ
ਚਾਹੇ ਮਛੀਆਂ ਸੰਗ ਤਰਾਂ ਮੈਂ
ਨਿਰਮਲ ਪਾਣੀ ਜੋ ਗੰਧਲਾ ਕੀਤਾ
ਇਸ ਨੂੰ ਦੱਸ ਕਿੰਝ ਸਾਫ਼ ਕਰਾਂ ਮੈਂ

ਮੰਦਿਰ ਮਸਜਿਦ ਅਤੇ ਦੁਆਰੇ
ਸ਼ਾਂਤੀ ਦੇ ਪਰਤੀਕ ਨੇ ਸਾਰੇ
ਇਥੇ ਹੈ ਜੋ ਅਜ ਕਲ ਹੁੰਦਾ
ਉਸ ਤੋਂ ਹੋ ਵਾਕ਼ਿਫ਼ ਤੁਸੀਂ ਸਾਰੇ
ਧਰਮ ਦੇ ਨਾਂ ਤੇ ਹੁੰਦੀ ਹਿੰਸਾਂ
ਧਰਮ ਦੇ ਨਾਂ ਤੇ ਕਿਓਂ ਮਰਾਂ ਮੈਂ
ਜਿਥੇ ਵੱਸਣਾ ਰੱਬ ਨੇ ਛੱਡਤਾ
ਉਥੇ ਜਾਕੇ ਕਿਓਂ ਬੜਾਂ ਮੈਂ

ਬਾਬਿਆਂ ਦੇ ਡੇਰਿਆਂ ਤੇ ਜਾਕੇ
ਲਖਾਂ ਵਾਰੀ ਮਥੇ ਟੇਕੇ.
ਆਪਣੀ ਕਿਰਤ ਕਮਾਈ ਵਿਚੋਂ
ਚੰਗੀ ਖਾਸੀ ਭੇਟਾ ਦੇਕੇ
ਇਥੋਂ ਵੀ ਮੈਂ ਕੁਝ ਨੀ ਖਟਿਆ
ਇਹ ਦੱਸਣ ਤੋਂ ਨਾਂ ਡਰਾਂ ਮੈਂ
ਲਭ ਲਭ ਕੇ ਹੰਭ ਗਿਆ
ਹੁਣ ਦੱਸ ਅੱਗੇ ਕੀ ਕਰਾਂ ਮੈਂ

ਲਭਦਿਆਂ ਇੱਕ ਗੱਲ ਮੈਨੂੰ ਲਭੀ
ਜੇਹੜੀ ਮੇਰੇ ਮਨ ਨੂੰ ਫੱਬੀ
ਆਪਣੇ ਅੰਦਰ ਕਿਓਂ ਨੀ ਝਾਕਦਾ
ਇਧਰ ਉਧਰ ਕਿਓਂ ਜਾਨਾ ਭੱਜੀ
ਜਦ ਗੁਰ ਤਾਂ ਮੇਰੇ ਅੰਦਰ ਵਸਦਾ
ਫਿਰ ਬਾਹਿਰ ਲਭਦਾ ਕਿਓਂ ਫਿਰਾਂ ਮੈਂ
ਲਭ ਲਭ ਕੇ ਲਭ ਲਿਆ
ਹੁਣ ਬਿਨਾ ਗੁਰੂ ਤੋਂ ਨਾਂ ਮਰਾਂ ਮੈ



Thursday, 19 April 2012

ਕੋਹੜ ਸਮਾਜੀ

ਨਾਂ ਕਰ ਚੋਰੀ ਨਾਂ ਸੀਨਾ ਜੋਰੀ
ਇਹ ਆਦਤ ਨਹੀਂ ਹੈ ਚੰਗੀ
ਪਹਿਲਾਂ ਹੀ ਇਸ ਆਦਤ ਦੇ ਵਿਚ
ਦੁਨਿਆ ਫਿਰਦੀ ਰੰਗੀ
ਜੇ ਆਪਾਂ ਵੀ ਇਸ ਪਾਸੇ ਤੁਰਗੇ
ਤਾਂ ਉਹਨਾ ਨੂੰ ਮਿਲਣਗੇ ਸੰਗੀ
ਆ ਮਿੱਤਰਾ ਰਲ ਉੱਦਮ ਕਰੀਏ
ਤਾਂ ਜੋ ਦੁਨਿਆ ਹੋ ਜੇ ਚੰਗੀ

ਪੈਸੇ ਪਿਛੇ ਕਿਓਂ ਪਾਗਲ ਹੋਇਆਂ
ਸਬ ਕੁਝ ਹੀ ਨਹੀ ਪੈਸਾ
ਕੰਮ ਆਪਣੇ ਦੀ ਲੈਨਾ ਮਜੂਰੀ
ਤੇਰਾ ਫਿਰ ਵਰਤਾਓ ਕਿਓਂ ਐਸਾ
ਕਿਸੇ ਦੀ ਹਕ਼ ਸਚ ਦੀ ਕਮਾਈ
ਹੜਪ ਲੈਣੀ ਕਦੇ ਨੀ ਚੰਗੀ
ਆ ਮਿੱਤਰਾ ਰਲ ਉੱਦਮ ਕਰੀਏ
ਤਾਂ ਜੋ ਦੁਨਿਆ ਹੋ ਜੇ ਚੰਗੀ

ਰਿਸ਼ਵਤ ਖੋਰੀ ਚੋਰ ਬਾਜ਼ਾਰੀ
ਲਹੂ ਸਾਡੇ ਵਿਚ ਰਚ ਗਈ
ਜਿਹੜੀ ਇਕ ਜ਼ਮੀਰ ਸੀ ਹੁੰਦੀ
ਰੂਹ ਸਾਡੀ ਚੋਂ ਨਸ ਗਈ
ਬਿਨ ਪੈਸੇ ਕੋਈ ਕੰਮ ਨੀ ਹੁੰਦਾ
ਸਾਡੀ ਕਿਸਮਤ ਮੰਦੀ
ਆ ਮਿੱਤਰਾ ਰਲ ਉੱਦਮ ਕਰੀਏ
ਤਾਂ ਜੋ ਦੁਨਿਆ ਹੋ ਜੇ ਚੰਗੀ

ਆਓ ਰਲ ਮਿਲ ਕਸਮਾ ਖਾਇਏ
ਕੋਈ ਐਸ ਕੰਮ ਨੀ ਕਰਨਾ
ਜਿਸ ਨੂੰ ਕਰਨ ਦੇ ਮਗਰੋਂ
ਸਾਡੀ ਰੂਹ ਨੂੰ ਪੈਜੇ ਮਰਨਾ
ਅਸਲੀ ਰੰਗ ਚ ਹੀ ਰੰਗ ਜਾਈਏ
ਕੀ ਕਰਨੀ ਇਹ ਬਹੁਰੰਗੀ
ਆ ਮਿੱਤਰਾ ਰਲ ਉੱਦਮ ਕਰੀਏ
ਤਾਂ ਜੋ ਦੁਨਿਆ ਹੋ ਜੇ ਚੰਗੀ




Thursday, 12 April 2012

ਮੇਰੀ ਤਬੀਅਤ


ਜਿੰਨਾਂ ਮੈਨੂੰ ਲੋਕ ਸਮਝਦੇ
ਓੰਨਾਂ ਤੇ ਨੀਂ ਬੁਰਾ ਮੈਂ

ਨਾਂ ਆਪਣੇ ਮੂੰਹ ਮਿਆਂ ਮਿਠੂ ਬਣਾ ਮੈਂ
ਨਾਂ ਆਪਣੀ ਕੋਈ ਸਿਫਤ ਕਰਾਂ ਮੈਂ
ਨਾਂ ਮੈਂ ਕੋਈ ਭਗਤ ਹਾਂ ਯਾਰੋ
ਨਾਂ ਕੋਈ ਮੰਦਾ ਕੰਮ ਕਰਾਂ ਮੈਂ
ਜਦ ਚੰਗਾ ਮੰਦਾ ਕੰਮ ਨੀਂ ਕੋਈ
ਫਿਰ ਐਵੇਂ ਦਸ ਕਿਓਂ ਡਰਾਂ ਮੈਂ

ਕਈਆਂ ਦੇ ਨਾਲ ਕਰੀ ਲੜਾਈ
ਕਈਆਂ ਦੇ ਨਾਲ ਮਾਰ ਕੁਟਾਈ
ਜਿਹੜਾ ਲੜ ਕੇ ਪਾਸੇ ਹਟ ਗਿਆ
ਉਸ ਨੂੰ ਮੁੜ ਨਾਂ ਭਾਜੀ ਪਾਈ
ਕੋਈ ਮੈਨੂੰ ਪਾਜੂ ਭਾਜੀ
ਇਸ ਗੱਲ ਤੋਂ ਬੀ ਨਾਂ ਡਰਾਂ ਮੈਂ

ਮੇਰੇ ਨੇ ਕਈ ਯਾਰ ਅਣਮੁੱਲੇ
ਸਾਗਰ ਵਾਂਗੂ ਦਿਲ ਨੇ ਖੁਲੇ
ਤੱਤੀ ਵਾ ਨਾਂ ਲੱਗਣ ਦੇਵਣ
ਜਿੱਦਾਂ ਠੰਡੀ ਪੌਣ ਦੇ ਬੁੱਲੇ
ਜਦ ਮੇਰੇ ਤੇ ਓਹ ਜਿੰਦ ਵਾਰਦੇ
ਯਾਰ ਮਾਰ ਫੇਰ ਕਿਓਂ ਕਰਾਂ ਮੈਂ

ਯਾਰਾਂ ਦੀ ਸੰਗਤ ਚ ਰਹਕੇ
ਓਹਨਾ ਸੰਗ ਢਾਣੀ ਚ ਬਹਿਕੇ
ਇਕ ਗੱਲ ਪਲੇ ਬੰਨ੍ਲੀ ਮੈਂ ਤਾਂ
ਜੇਹੜੀ ਅੱਜ ਜਾਊਂਗਾ ਕਹਿਕੇ
ਹੱਸਾਂ ਖੇਡਾਂ ਬੁੱਲੇ ਲੁੱਟਾਂ
ਹੋਰ ਨਾਂ ਕੋਈ ਆਸ ਕਰਾਂ ਮੈਂ


ਜਿੰਨਾਂ ਮੈਨੂੰ ਲੋਕ ਸਮਝਦੇ
ਓੰਨਾਂ ਤੇ ਨੀਂ ਬੁਰਾ ਮੈਂ

Monday, 2 April 2012

ਮੇਰਾ ਖਜਾਨਾ

ਇਹ ਦੌਲਤਾਂ ਤੇ ਸਰਮਾਏ
ਦਿਨ ਰਾਤ ਜੋ ਕਮਾਏ ,
ਕੁਝ ਸਾਂਭੇ ਕੁਝ ਲੁਟਾਏ
ਕਦੀ ਮੇਰੇ ਨਾ ਸੀ,

ਇਹ ਮਹਿਲ ਇਹ ਮੁਨਾਰੇ
ਚਾਵਾਂ ਨਾਲ ਜੋ ਉਸਾਰੇ
ਰਖੇ ਜਾਨ ਤੋਂ ਪਿਆਰੇ
ਕਦੀ ਮੇਰੇ ਨਾ ਸੀ,

ਵਕ਼ਤ ਖੁਸ਼ੀ ਦੇ ਸੀ ਚੰਗੇ
ਸੰਗ ਦੋਸਤਾਂ ਜੋ ਲੰਘੇ
ਉਧਾਰੇ ਰੱਬ ਤੋ ਸੀ ਮੰਗੇ
ਕਦੀ ਮੇਰੇ ਨਾ ਸੀ,

ਕਦੀ ਹਸਿਆ ਕਦੀ ਰੋਇਆ
ਖੁਸ਼ੀ ਵਿਚ ਖੀਵਾ ਹੋਇਆ
ਜੇਹੜੇ ਦੁਖਾਂ ਨੂੰ ਮੈਂ ਢੋਇਆ
ਕਦੀ ਮੇਰੇ ਨਾ ਸੀ,

ਵਾਂਗ ਮੁਸਾਫ਼ਿਰ ਦੇ ਮੈਂ ਆਇਆ
ਮਿਲਿਆ ਹੁਮ੍ਸ੍ਫ੍ਰਾਂ ਦਾ ਸਾਇਆ
ਸਫਰ ਸੁਖਾਵਾਂ ਜਿਨ੍ਹਾਂ  ਬਣਾਇਆ
ਕਦੀ ਮੇਰੇ ਨਾ ਸੀ,

ਖਾਲੀ ਹਥ ਸੀ ਮੈਂ ਆਇਆ
ਆਕੇ ਜੋ ਭੀ ਕੁਝ ਬਣਾਇਆ
ਜਿਹੜੇ ਸਪਨਿਆ ਨੂ ਸਜਾਇਆ
ਕਦੇ ਮੇਰੇ ਨਾਂ ਸੀ