ਮੇਰੇ ਦਿਲ ਤੇ ਜ਼ਖਮ ਜੋ ਲੱਗਦੇ
ਕਦੇ ਕਿਸੇ ਨੂੰ ਨਹੀਂ ਓਹ ਦਿਸਦੇ
ਮੂੰਹ ਫੁੱਟ ਫੋੜੇ ਵਾਂਗੂੰ ਓਹ ਤਾਂ
ਅਕਸਰ ਮੇਰੇ ਅੰਦਰ ਹੀ ਰਿਸਦੇ
ਜਦ ਕਦੇ ਵੀ ਇਹ ਜਾਣ ਨਸੂਰੇ
ਆ ਕੋਈ ਇਹਨਾ ਨੂੰ ਕਰੇਦ ਹੀ ਦਿੰਦਾ
ਅਕਸਰ ਗਮ ਵੰਡਾਉਣ ਦਾ ਕਹਿਕੇ
ਤੰਦ ਪੀੜ ਓਹ ਛੇੜ ਹੀ ਦਿੰਦਾ
ਹਰ ਕੋਈ ਚਾਹੁੰਦਾ ਮੈਂ ਓਹਦੇ ਦਰਦ ਨੂੰ ਜਾਣਾ
ਹਰ ਉਠਦੀ ਓਹਦੀ ਚੀਸ ਪਛਾਣਾ
ਲਾਵਾਂ ਮਲ੍ਹਮ ਓਹਦੇ ਜਖਮਾਂ ਉੱਤੇ
ਵਾਂਗ ਧਨੰਤਰ ਬਣ ਵੈਦ ਸਿਆਣਾ
ਸਭ ਦੇ ਜ਼ਖਮ ਮੇਰੇ ਤੋ ਵੱਡੇ
ਕੱਚੇ ਰਿਸਦੇ ਅਤੇ ਅਲੂਣੇ
ਕਰਾਂ ਪੱਟੀਆਂ ਸਾਫ਼ ਮੈ ਕਰਕੇ
ਧੋਕੇ ਪਾਣੀ ਨਾਲ ਸਲੂਣੇ
ਸਖਤ ਦਿਖਾਂ ਮੈਂ ਬਾਹਰੋਂ ਸਭ ਨੂੰ
ਵਾਂਗੂੰ ਕੱਚੇ ਨਾਰੀਅਲ ਫਲ ਦੇ
ਅੰਦਰ ਮੇਰੇ ਕੋਈ ਨਾਂ ਜਾਣੇ
ਕਿਨੇ ਖੂਨੀ ਦਰਿਆ ਨੇ ਚਲਦੇ
ਬੱਸ ਇਕ ਆਸ ਤੇ ਜੀ ਰਿਹਾ ਮੈਂ
ਕਿ ਇਕ ਦਿਨ ਐਸਾ ਆਏਗਾ
ਮੇਰੇ ਜ਼ਖਮਾ ਨੂੰ ਆਪਣਾ ਸਮਝ ਕੇ
ਕੋਈ ਤਾਂ ਮਲ੍ਹਮ ਲਾਏਗਾ