Wednesday 29 August 2018

ਗੁਆਚਾ ਰੱਬ



ਮੈ ਖ਼ੁਦ ਨੂੰ ਕਦੇ ਨੀ ਲੱਭ ਸਕਿਆ
ਪਰ ਰੱਬ ਨੂੰ ਲੱਭਦਾ ਫਿਰਦਾ ਰਿਹਾੰ
ਜ਼ਿੰਦਗੀ ਦੇ  ਇਸ ਭੰਬਲ਼ਭੂਸੇ ਵਿੱਚ
ਮੈ ਗੁਆਚਿਆ ਕਾਫ਼ੀ ਚਿਰਦਾ ਰਿਹਾੰ

ਮੇਰੇ ਜੰਮਦੇ ਸਾਰ ਹੀ ਸਿਰ ਉੱਤੇ
ਇੱਕ ਧਰਮ ਦਾ ਠੱਪਾ ਲਾ ਦਿੱਤਾ
ਨਾੰ ਰੱਖਣ ਵੇਲੇ ਮਾਪਿਆੰ ਨੇ
ਮੈਨੂੰ ਪਤਾ ਨੀ ਕੀ ਘੋਲ ਪਿਲਾ ਦਿੱਤਾ

ਰੱਬ ਮਾਪਿਆੰ ਦਾ ਜੋ ਗੁੰਮਿਆ ਸੀ
ਵਿੱਚ ਬਚਪਣ ਲੱਭਣ ਲਾ ਦਿੱਤਾ
ਬੱਸ ਜਵਾਨੀ ਚੜ੍ਹਨ ਤੋਂ ਪਹਿਲਾੰ ਹੀ
ਰੱਬ ਮੇਰੇ ਵਾਲਾ ਗੁਆ ਦਿੱਤਾ

ਰੱਬ ਲੱਭਣ ਵਾਲੇ ਗਧੀ ਗੇੜ ਚ
ਮੈ ਅੱਧੋਂ ਵੱਧ ਹੀ ਉੁਮਰ ਗੁਆ ਬੈਠਾੰ
ਹਰ ਮੰਦਿਰ ਮਸਜਿਦ ਦੁਆਰੇ ਵਿੱਚ
ਪਤਾ ਨੀ ਕਿੰਨੀ ਕੁ ਕਮਾਈ ਚੜ੍ਹਾ ਬੈਠਾੰ

ਨਾੰ ਸੌੰ ਸਕਿਆ ਨਾੰ ਕੱਤ ਸਕਿਆ
ਨਾੰ ਝੂਠੇ ਦਿਖਾਵੇ ਰੋਕ ਸਕਿਆ
ਲੁੱਟ ਰੱਬ ਦੇ ਨਾੰ ਗ਼ਰੀਬਾਂ ਦੀ
ਨਾ ਦੇਖ ਸਕਿਆ ਨਾੰ ਟੋਕ ਸਕਿਆ

ਬੀਜ ਬਿਨਾ ਕੋਈ ਪੌਦਾ ਉੱਗਦਾ ਨਹੀਂ
ਕਿਊੰ ਆਸ ਹੈ ਮੈਨੂੰ ਫੁੱਲ ਖਿਲਣੇ ਦੀ
ਹੁਣ ਤੱਕ ਨੀ ਰੱਬ ਨੂੰ ਕੋਈ ਲੱਭ ਸਕਿਆ
ਆਸ ਛੱਡ ਦਿੱਤੀ ਹੈ ਮੈ ਵੀ ਮਿਲਣੇ ਦੀ

ਹਰ ਜੀ ੧੮/੧੦/੨੦੧੭

No comments:

Post a Comment